ਸੁਰਜੀਤ ਮਜਾਰੀ
ਬੰਗਾ, 28 ਸਤੰਬਰ
ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸਿਆਸੀ ਧਿਰਾਂ ਦੇ ਆਗੂਆਂ ਨੇ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਕਿ ਅੱਜ ਸ਼ਹੀਦਾਂ ਦੇ ਸੁਪਨਿਆਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਮਾਜ ਅੰਦਰ ਜਾਤ ਅਤੇ ਜਮਾਤ ਪੱਧਰ ’ਤੇ ਪਿਆ ਪਾੜਾ ਜਿਉਂ ਦੀ ਤਿਉਂ ਚੱਲ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਕਹਿਣੀ ਤੇ ਕਰਨੀ ਉੱਤੇ ਤੰਜ ਕੱਸਦਿਆਂ ਕਿਹਾ ਕਿ ਰੰਗਾਂ ਦੇ ਦਿਖਾਵੇ ਨਾਲ ਮਸਲੇ ਹੱਲ ਨਹੀਂ ਹੁੰਦੇ ਸਗੋਂ ਸਮਾਜ ਤਬਦੀਲੀ ਲਈ ਦਿਲੋਂ ਸੇਵਾਵਾਂ ਨਿਭਾਉਣੀਆਂ ਪੈਦੀਆਂ ਹਨ।ਇਸ ਤਰ੍ਹਾਂ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਡਾ. ਨਛੱਤਰ ਪਾਲ ਨੇ ਸ਼ਹੀਦ ਭਗਤ ਸਿੰਘ ਦੀ ਯਾਦਗਾਰ ’ਤੇ ਨਤਮਸਤਕ ਹੁੰਦਿਆਂ ਕਿਹਾ ਕਿ ਸਾਨੂੰ ਸ਼ਹੀਦ ਦੇ ਪਾਏ ਪੂਰਨਿਆਂ ’ਤੇ ਚੱਲਣ ਦੀ ਲੋੜ ਹੈ।
ਦੂਜੇ ਬੰਨ੍ਹੇ ਕਾਂਗਰਸ ਪਾਰਟੀ ਵਲੋਂ ਵੀ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਡਾ. ਰਾਜ ਕੁਮਾਰ, ਸੂਬਾ ਕਮੇਟੀ ਮੈਂਬਰ ਸਤਵੀਰ ਸਿੰਘ ਪੱਲੀ ਝਿੱਕੀ, ਫ਼ਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਵੀ ਅੱਜ ਖਟਕੜ ਕਲਾਂ ਪੁੱਜ ਕੇ ਆਪਣੀ ਸ਼ਰਧਾ ਦਾ ਇਜ਼ਹਾਰ ਕੀਤਾ। ਇਵੇਂ ਮੈਡੀਕਲ ਪ੍ਰੈਕਟੀਸ਼ਨਰ ਐਸ਼ੋਸ਼ੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵੱਡਾ ਕਾਫ਼ਲਾ ਲੈ ਕੇ ਖਟਕੜ ਕਲਾਂ ਪੁੱਜਿਆ। ਕਿਸਾਨ ਆਗੂ ਸੁਰਿੰਦਰ ਸਿੰਘ ਬੈਂਸ ਅਤੇ ਜਸਬੀਰ ਸਿੰਘ ਦੀਪ ਵਲੋਂ ਵੀ ਖਟਕੜ ਕਲਾਂ ਵਿਖੇ ਸਮੇਂ ਦੀਆਂ ਸਰਕਾਰਾਂ ਨੂੰ ਜਾਗਣ ਦਾ ਹੋਕਾ ਦਿੱਤਾ ਗਿਆ। ਜਨਵਾਦੀ ਨੌਜਵਾਨ ਸਭਾ ਵਲੋਂ ਵੀ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਸਿਜਦਾ ਕਰਨ ਕੌਮੀ ਜਨਰਲ ਸਕੱਤਰ ਹਿੰਮਗਨ ਰਾਜ ਭੱਟਾਚਾਰੀਆ ਦੀ ਅਗਵਾਈ ’ਚ ਨੌਜਵਾਨ ਭਾਰੀ ਗਿਣਤੀ ’ਚ ਜੱਬੇਬੰਦੀ ਦੇ ਝੰਡੇ ਲਹਿਰਾਉਂਦੇ ਹੋਏ ਪੁੱਜੇ।