ਨਿੱਜੀ ਪੱਤਰ ਪ੍ਰੇਰਕ
ਜਲੰਧਰ, 16 ਦਸੰਬਰ
ਭਾਰਤ-ਪਾਕਿ ਜੰਗ 1971 ਦੇ ਮਹਾਨ ਸ਼ਹੀਦ ਜੀਤ ਸਿੰਘ ਤੰਦਾਊਰਾ ਵੀਐੱਸਐੱਮ ਦਾ 50ਵਾਂ ਸ਼ਹੀਦੀ ਸਮਾਗਮ ਨਕੋਦਰ ਨੇੜੇ ਉਨ੍ਹਾਂ ਦੇ ਜੱਦੀ ਪਿੰਡ ਤੰਦਾਊਰਾ ਵਿਚ ਕੀਤਾ ਗਿਆ। ਸ਼ਹੀਦ ਦੇ ਪਿੰਡ ’ਚ ਉਨ੍ਹਾਂ ਦੀ ਯਾਦਗਾਰ ਦਾ ਉਦਘਾਟਨ ਕਰਨ ਉਪਰੰਤ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਸ਼ਹੀਦ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਅੱਜ ਜੇਕਰ ਅਸੀਂ ਆਜ਼ਾਦ ਫਿਜ਼ਾ ਵਿਚ ਘੁੰਮ ਰਹੇ ਹਾਂ ਤਾਂ ਇਸ ਦੇ ਪਿੱਛੇ ਇਨ੍ਹਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਹਨ।ਵਿਧਾਇਕ ਨੇ ਸ਼ਹੀਦ ਦੇ ਪਿੰਡ ਦੇ ਵਿਕਾਸ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸ਼ਹੀਦ ਦੇ ਛੋਟੇ ਭਰਾ ਬਲਵਿੰਦਰ ਸਿੰਘ ਤੰਦਾਊਰਾ ਨੇ ਸ਼ਹੀਦ ਦੀ ਕੁਰਬਾਨੀ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਪਿੰਡ ਹਰੀਪੁਰ ਦੇ ਐੱਨਆਰਆਈ ਬਿੱਕਰ ਸਿੰਘ ਨੇ ਸ਼ਹੀਦ ਦੇ ਪਿੰਡ ਨੂੰ ਆਪਣੀ ਕਮਾਈ ’ਚੋਂ ਇੱਕ ਲੱਖ ਰੁਪਏ ਪਿੰਡ ਦੇ ਵਿਕਾਸ ਲਈ ਦੇਣ ਦਾ ਐਲਾਨ ਕੀਤਾ।ਸ਼ਹੀਦੀ ਸਮਾਗਮ ’ਚ ਇੰਸਪੈਕਟਰ ਰਾਮਦਾਸ ਬਾਲੂ, ਐੱਸਆਈ ਤਰਸੇਮ ਸਿੰਘ, ਲਖਵਿੰਦਰ ਸਿੰਘ, ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ, ਕਾਰਜਕਾਰੀ ਸਰਪੰਚ ਦਲਜੀਤ ਸਿੰਘ ਤੰਦਾਊਰਾ ਤੇ ਆਸ ਪਾਸ ਦੇ ਪਿੰਡਾਂ ਦੇ ਸਰਪੰਚ ਵੀ ਹਾਜ਼ਰ ਸਨ।