ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 13 ਫ਼ਰਵਰੀ
ਪਿੰਡ ਕਲੋਆ ਵਿਚ ਕਾਮਰੇਡ ਸੁਰਜੀਤ ਕਲੋਆ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਇਨਕਲਾਬੀ ਅਤੇ ਲੋਕ ਜਥੇਬੰਦੀਆਂ ਦੇ ਬੁਲਾਰਿਆਂ ਨੇ ਵਿਚਾਰ ਪ੍ਰਗਟ ਕੀਤੇ। ਇਕੱਠ ਨੂੰ ਸੰਬੋਧਨ ਕਰਦਿਆਂ ਆਜ਼ਾਦ ਕਿਸਾਨ ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ, ਸੀਪੀਆਈ (ਐਮ ਐਲ) ਨਿਊ ਡੈਮੋਕਰੇਸੀ ਦੇ ਸੂਬਾਈ ਆਗੂ ਕਾਮਰੇਡ ਕੁਲਵਿੰਦਰ ਸਿੰਘ ਵੜੈਚ, ਲੋਕ ਸੰਗਰਾਮ ਮੋਰਚਾ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਕਮਲਜੀਤ ਖੰਨਾ, ਸੁਰਖ਼ ਰੇਖਾ ਦੇ ਸੰਪਾਦਕ ਨਾਜ਼ਰ ਸਿੰਘ, ਲਲਕਾਰ ਪਬਲੀਕੇਸ਼ਨ ਦੇ ਆਗੂ ਸੁਖਦੇਵ ਭੂੰਦੜੀ ਅਤੇ ਮਾਸਟਰ ਮਹਿੰਦਰ ਸਿੰਘ ਜੋਸ਼ ਨੇ ਕਿਹਾ ਕਿ ਕਾਮਰੇਡ ਸੁਰਜੀਤ ਦੀ ਸੰਗਰਾਮੀ ਜ਼ਿੰਦਗੀ ਲੋਕ ਸੰਘਰਸ਼ਾਂ ਲਈ ਚਾਨਣ ਮੁਨਾਰਾ ਹੈ। ਇਸ ਬੇਇਨਸਾਫ਼ੀ ਅਤੇ ਨਾਬਰਾਬਰੀ ’ਤੇ ਆਧਾਰਿਤ ਰਾਜ ਪ੍ਰਬੰਧ ਨੂੰ ਖਤਮ ਕਰਕੇ ਹੀ ਭਾਰਤ ਦੇ ਲੋਕਾਂ ਦੀ ਮੁਕਤੀ ਹੋ ਸਕਦੀ ਹੈ। ਬੁਲਾਰਿਆਂ ਨੇ ਕਿਹਾ ਕਿ ਦੇਸ਼ ’ਤੇ ਰਾਜ ਕਰ ਰਹੀ ਫਾਸ਼ੀਵਾਦੀ ਬੀਜੇਪੀ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਇਨਕਲਾਬੀ ਲਹਿਰਾਂ, ਲੋਕ ਸੰਘਰਸ਼ਾਂ ਅਤੇ ਘੱਟ ਗਿਣਤੀਆਂ ਦਾ ਦਮਨ ਕਰ ਰਹੀ ਹੈ ਜਿਸ ਦਾ ਮੁਕਾਬਲਾ ਕਾਮਰੇਡ ਕਲੋਆ ਦੀ ਵਿਚਾਰਧਾਰਾ ਅਨੁਸਾਰ ਵਿਸ਼ਾਲ ਲੋਕ ਲਹਿਰ ਉਸਾਰ ਕੇ ਹੀ ਕੀਤਾ ਜਾ ਸਕਦਾ ਹੈ। ਇਸ ਮੌਕੇ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਨੇ ਇਨਕਲਾਬੀ ਕਵੀਸ਼ਰੀ ਗਾ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਆਗੂ ਸਰਵਣ ਸਿੰਘ ਨੂਰਪੁਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੌਰਾਨ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗਰੇਟ ਬ੍ਰਿਟੇਨ), ਬਲਵੀਰ ਦੱਤ ਮੈਮੋਰੀਅਲ ਕਮੇਟੀ ਬੈੱਡਫੋਰਡ (ਇਗਲੈਂਡ), ਲੇਖ ਰਾਜ ਐਂਟੀਕਾਸਟ ਮੂਵਮੈਂਟ, ਅਮੋਲਕ ਸਿੰਘ ਪ੍ਰਧਾਨ ਪਲਸ ਮੰਚ, ਅਦਾਰਾ ਲਾਲ ਪਰਚਮ, ਜਸਵੀਰ ਕੌਰ ਮੰਗੂਵਾਲ ਵਿਨੀਪੈੱਗ (ਕੈਨੇਡਾ) ਵਲੋਂ ਭੇਜੇ ਗਏ ਸ਼ੋਕ ਸੰਦੇਸ਼ ਪੜ੍ਹੇ ਗਏ। ਸਟੇਜ ਦਾ ਸੰਚਾਲਨ ਕਾਮਰੇਡ ਸੁਰਿੰਦਰ ਸਿੰਘ ਨੇ ਕੀਤਾ।