ਪੱਤਰ ਪ੍ਰੇਰਕ
ਗੜ੍ਹਸ਼ੰਕਰ, 14 ਜੂਨ
ਅੱਜ ਦੇਰ ਸ਼ਾਮ ਚੰਡੀਗੜ੍ਹ ਹੁਸ਼ਿਆਰਪੁਰ ਮੁੱਖ ਮਾਰਗ ’ਤੇ ਪਿੰਡ ਗੋਲੀਆਂ ਕੋਲ ਕਿੰਗ ਰਿਜ਼ੌਰਟ ਕੋਲ ਲੱਗੀ ਅੱਗ ਕਾਰਨ ਸੜਕ ਕਿਨਾਰੇ ਖੜ੍ਹੇ ਜੰਗਲਾਤ ਵਿਭਾਗ ਦੇ ਅਨੇਕਾਂ ਦਰੱਖਤ ਝੁਲਸ ਗਏ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਅੱਗ ਦੀਆਂ ਲਪਟਾਂ ਇੰਨੀਆਂ ਵੱਧ ਗਈਆਂ ਕਿ ਇਕ ਵਾਰ ਸੜਕ ’ਤੇ ਚੱਲ ਰਿਹਾ ਟਰੈਫਿਕ ਰੁਕ ਗਿਆ। ਜਾਣਕਾਰੀ ਅਨੁਸਾਰ ਅੱਗ ’ਤੇ ਕਾਬੂ ਪਾਉਣ ਲਈ ਲੰਘਦੇ ਰਾਹਗੀਰਾਂ ਨੇ ਕੁਝ ਯਤਨ ਕੀਤੇ ਪਰ ਅੱਗ ਵਧਦੀ ਚਲੀ ਗਈ। ਖ਼ਬਰ ਲਿਖੇ ਜਾਣ ਤੱਕ ਵੀ ਘਟਨਾ ਥਾਂ ’ਤੇ ਲੱਗੀ ਅੱਗ ਵਧਦੀ ਜਾ ਰਹੀ ਸੀ। ਇਸ ਮੁੱਖ ਮਾਰਗ ’ਤੇ ਰੋਜ਼ਾਨਾ ਕਿਤੇ ਨਾ ਕਿਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਨਾਲ ਸੜਕ ਕਿਨਾਰੇ ਜੰਗਲਾਤ ਵਿਭਾਗ ਦੇ ਸੁੱਕੇ ਤੇ ਹਰੇ ਦਰੱਖਤ ਅੱਗ ਦੀ ਲਪੇਟ ਵਿੱਚ ਆ ਰਹੇ ਹਨ। ਡੀਐੱਫਓ ਸਤਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਤੁਰੰਤ ਵਿਭਾਗ ਦੇ ਮੁਲਾਜ਼ਮ ਅੱਗ ਲੱਗਣ ਵਾਲੀ ਥਾਂ ਵੱਲ ਰਵਾਨਾ ਕੀਤੇ ਤੇ ਅੱਗ ’ਤੇ ਕਾਬੂ ਪਾਇਆ ਜਾ ਰਿਹਾ ਹੈ। ਹਲਕਾ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ ਦੇ ਯਤਨਾਂ ਸਦਕਾ ਅੱਗ ਬੁਝਾਉਣ ਲਈ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨਗਰ ਕੌਂਸਲ ਦਫ਼ਤਰ ’ਚ ਤਾਇਨਾਤ ਹਨ ਪਰ ਇਨ੍ਹਾਂ ਗੱਡੀਆਂ ਨੂੰ ਚਲਾਉਣ ਲਈ ਕੋਈ ਡਰਾਈਵਰ ਨਾ ਹੋਣ ਕਾਰਨ ਇਹ ਵਾਹਨ ਚਿੱਟੇ ਹਾਥੀ ਬਣ ਕੇ ਰਹਿ ਗਏ ਹਨ ਜਿਸ ਕਾਰਨ ਗੜ੍ਹਸ਼ੰਕਰ ਦੇ ਨੀਮ ਪਹਾੜੀ ਇਲਾਕੇ ਦੇ ਜੰਗਲਾਂ ਨੂੰ ਲੱਗੀ ਅੱਗ ਬੁਝਾਉਣ ਲਈ ਹੁਸ਼ਿਆਰਪੁਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਈ ਕਹਿਣਾ ਪੈਂਦਾ ਹੈ।