ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਮਈ
ਕੇਂਦਰ ਸਰਕਾਰ ਵੱਲੋਂ ਗਰੀਬਾਂ ਲਈ ਸ਼ੁਰੂ ਕੀਤੀ ਗਈ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੇ ਇਲਾਜ ਕਰਨਾ ਬੰਦ ਕਰ ਦਿੱਤਾ। ਇਨ੍ਹਾਂ ਡਾਕਟਰਾਂ ਦਾ ਦੋਸ਼ ਹੈ ਕਿ ਨਿੱਜੀ ਹਸਪਤਾਲਾਂ ਨੇ ਸਕੀਮ ਤਹਿਤ 25 ਕਰੋੜ ਰੁਪਏ ਦੇ ਕਰੀਬ ਪੈਸੇ ਖਰਚ ਕੇ ਲੋਕਾਂ ਦਾ ਕੀਤਾ ਹੋਇਆ ਹੈ ਪਰ ਕੇਂਦਰ ਅਤੇ ਪੰਜਾਬ ਸਰਕਾਰ ਨੇ ਹਸਪਤਾਲਾਂ ਨੂੰ ਪੈਸੇ ਨਹੀਂ ਦਿੱਤੇ ਜਿਸ ਕਾਰਨ ਹਸਪਤਾਲ ਵੱਡੇ ਆਰਥਿਕ ਸੰਕਟ ਵਿਚ ਫਸ ਗਏ ਹਨ। ਆਯੂਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ ਪਿਛਲੇ ਦੋ ਦਿਨਾਂ ਤੋਂ ਡਾਕਟਰ ਉਨ੍ਹਾਂ ਲੋਕਾਂ ਦਾ ਇਲਾਜ ਨਹੀਂ ਕਰ ਰਹੇ ਜਿਨ੍ਹਾਂ ਕੋਲ ਆਯੂਸ਼ਮਾਨ ਕਾਰਡ ਹੈ। ਇਸ ਨਾਲ ਲੋਕ ਖੱਜਲ ਖੁਆਰ ਹੋ ਰਹੇ ਹਨ। ਉਧਰ ਸਿਵਲ ਹਸਪਤਾਲ ਵਿੱਚ ਵੀ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ ਕੀਤਾ ਹੋਇਆ ਹੈ ਤੇ ਉਨ੍ਹਾਂ ਨੂੰ ਵੀ ਪੈਸੇ ਨਹੀਂ ਆਏ। ਇਸ ਸਕੀਮ ਤਹਿਤ ਸਿਵਲ ਹਸਪਤਾਲ ਦੇ 1.65 ਕਰੋੜ ਰੁਪਏ ਸਰਕਾਰ ਵੱਲ ਫਸੇ ਹੋਏ ਹਨ। ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਬਕਾਇਦਾ ਬਿੱਲ ਬਣਾ ਕੇ ਸਰਕਾਰ ਨੂੰ ਭੇਜੇ ਹੋਏ ਹਨ ਪਰ ਵਿੱਤ ਮੰਤਰਾਲਾ ਉਨ੍ਹਾਂ ਨੂੰ ਹਰੀ ਝੰਡੀ ਨਹੀਂ ਦੇ ਰਿਹਾ। ਆਯੂਸ਼ਮਾਨ ਸਕੀਮ ਨੂੰ ਲਾਗੂ ਕਰਨ ਲਈ ਸਰਕਾਰ ਨੇ 72 ਨਿੱਜੀ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਹੋਇਆ ਹੈ ਤੇ ਇਸੇ ਤਰ੍ਹਾਂ 13 ਸਰਕਾਰੀ ਹਸਪਤਾਲਾਂ ਦੀ ਵੀ ਚੋਣ ਕੀਤੀ ਹੋਈ ਹੈ। ਸਿਵਲ ਹਸਪਤਾਲ ਦੇ ਕਾਰਜਕਾਰੀ ਮੈਡੀਕਲ ਸੁਪਰਡੈਂਟ ਡਾ. ਗੁਰਮੀਤ ਲਾਲ ਦਾ ਕਹਿਣਾ ਹੈ ਕਿ ਆਯੂਸ਼ਮਾਨ ਸਕੀਮ ਨਾਲ ਸਬੰਧਤ ਮਰੀਜ਼ਾਂ ਦੇ ਇਲਾਜ ਦਾ ਦਾਇਰਾ ਵਧਾਇਆ ਜਾ ਰਿਹਾ ਹੈ। ਹਸਪਤਾਲ ਵਿੱਚ ਦਾਖਲ ਹੋਣ ਵਾਲੇ ਸਾਰੇ ਮਰੀਜ਼ਾਂ ਦੀ ਸਕਰੀਨਿੰਗ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਲੰਘੇ ਸੋਮਵਾਰ ਜਿਹੜੇ 118 ਮਰੀਜ਼ ਆਯੂਸ਼ਮਾਨ ਸਕੀਮ ਤਹਿਤ ਦਾਖਲ ਹੋਏ ਸਨ ਉਨ੍ਹਾਂ ਦੀਆਂ ਫਾਈਲਾਂ ਦੀ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਉਨ੍ਹਾਂ ’ਚੋਂ ਸਿਰਫ 40 ਮਰੀਜ਼ ਹੀ ਇਲਾਜ ਲਈ ਸਹੀ ਪਾਏ ਗਏ। ਮੌਕੇ ’ਤੇ ਹੀ 20 ਮਰੀਜ਼ਾਂ ਨੂੰ ਦਾਖਲ ਕਰ ਲਿਆ ਗਿਆ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਦੇ ਪ੍ਰਧਾਨ ਡਾ. ਆਲੋਕ ਲਲਵਾਨੀ ਨੇ ਕਿਹਾ ਕਿ ਇਸ ਸਕੀਮ ਤਹਿਤ ਨਿੱਜੀ ਹਸਪਤਾਲਾਂ ਨੇ ਆਪਣੇ ਬਹੁਤ ਸਾਰੇ ਪੈਸੇ ਲਾਏ ਹੋਏ ਹਨ ਪਰ ਸਰਕਾਰ ਵੱਲੋਂ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਰਥਿਕ ਤੰਗੀਆਂ ਝੱਲਣੀਆਂ ਪੈ ਰਹੀਆਂ ਹਨ। ਇਸੇ ਕਰਕੇ ਹੀ ਨਿੱਜੀ ਹਸਪਤਾਲਾਂ ਨੇ ਆਯੁਸ਼ਮਾਨ ਸਕੀਮ ਤਹਿਤ ਇਲਾਜ ਕਰਨਾ ਬੰਦ ਕਰ ਦਿੱਤਾ ਹੈ।