ਹਰਪ੍ਰੀਤ ਕੌਰ
ਹੁਸ਼ਿਆਰਪੁਰ, 4 ਦਸੰਬਰ
ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਦੇ ਯਤਨਾਂ ਸਦਕਾ ਦੁਬਈ ’ਚ ਫ਼ਸਿਆ ਜ਼ਿਲ੍ਹੇ ਦਾ ਇਕ ਨੌਜਵਾਨ ਆਪਣੇ ਘਰ ਪਰਤ ਆਇਆ ਹੈ। ਗੜ੍ਹਸ਼ੰਕਰ ਦੇ ਪਿੰਡ ਗੋਲੀਆਂ ਦੇ ਨੌਜਵਾਨ ਰਾਕੇਸ਼ ਕੁਮਾਰ ਦੇ ਘਰ ਪਰਤਣ ’ਤੇ ਉਸ ਦੇ ਪਰਿਵਾਰ ਨੇ ਅੱਜ ਇੱਥੇ ਸ੍ਰੀ ਖੰਨਾ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਸ੍ਰੀ ਖੰਨਾ ਨੇ ਦੱਸਿਆ ਕਿ ਰਾਕੇਸ਼ ਕੁਮਾਰ ਦੇ ਪਿਤਾ ਪ੍ਰੇਮ ਚੰਦ ਨੇ ਉਨ੍ਹਾਂ ਨੂੰ ਮਿਲ ਕੇ ਰਾਕੇਸ਼ ਦੇ ਦੁਬਈ ਵਿਚ ਫ਼ਸੇ ਹੋਣ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਮਾਮਲਾ ਕੇਂਦਰ ਦੇ ਧਿਆਨ ਵਿਚ ਲਿਆਂਦਾ ਜਿਸ ਦੇ ਯਤਨਾਂ ਸਦਕਾ ਰਾਕੇਸ਼ ਕੁਮਾਰ ਸਹੀ ਸਲਾਮਤ ਭਾਰਤ ਪੁੱਜ ਗਿਆ।
ਰਾਕੇਸ਼ ਨੇ ਦੱਸਿਆ ਕਿ ਉਹ ਦੁਬਈ ਵਿਖੇ ਇਕ ਕੰਪਨੀ ਵਿਚ ਟੈਕਸੀ ਚਾਲਕ ਦੀ ਨੌਕਰੀ ਕਰਦਾ ਸੀ। ਕੰਪਨੀ ਵਲੋਂ ਤਨਖਾਹ ਨਾ ਦਿੱਤੇ ਜਾਣ ਕਾਰਨ ਉਸ ਦਾ ਗੁਜ਼ਾਰਾ ਮੁਸ਼ਕਿਲ ਹੋ ਗਿਆ ਅਤੇ ਉਸ ਨੇ ਜਦੋਂ ਕੰਪਨੀ ਕੋਲੋਂ ਆਪਣਾ ਪਾਸਪੋਰਟ ਮੰਗਿਆ ਤਾਂ ਕੰਪਨੀ ਵਾਲਿਆਂ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਬਿਨਾਂ ਤਨਖਾਹ ਕੰਮ ਕਰਨ ਲਈ ਮਜਬੂਰ ਕੀਤਾ ਗਿਆ। ਉਸ ਨੇ ਇਨਸਾਫ਼ ਲਈ ਉੱਥੋਂ ਦੀ ਅਦਾਲਤ ਦਾ ਸਹਾਰਾ ਲਿਆ ਅਤੇ ਅਦਾਲਤ ਨੇ ਉਕਤ ਕੰਪਨੀ ਨੂੰ ਪਾਸਪੋਰਟ ਵਾਪਸ ਕਰਨ ਦੀ ਹਦਾਇਤ ਕੀਤੀ ਪਰ ਇਸ ਦੇ ਬਾਵਜੂਦ ਕੰਪਨੀ ਵਲੋਂ ਉਸ ਨੂੰ ਪਾਸਪੋਰਟ ਵਾਪਸ ਨਹੀਂ ਕੀਤਾ ਗਿਆ ਜਿਸ ਕਰਕੇ ਉਹ ਕਰੀਬ 6 ਮਹੀਨੇ ਤੱਕ ਫ਼ਸਿਆ ਰਿਹਾ। ਬਾਅਦ ਵਿਚ ਭਾਰਤ ਸਰਕਾਰ ਦੇ ਦਖਲ ਤੋਂ ਬਾਅਦ ਉਹ ਭਾਰਤ ਪੁੱਜਿਆ।