ਨਿੱਜੀ ਪੱਤਰ ਪ੍ਰੇਰਕ
ਜਲੰਧਰ,18 ਅਗਸਤ
ਪੰਜਾਬ ਸਰਕਾਰ ਵੱਲੋਂ ਪਿਛਲੀ ਸਰਕਾਰ ਵੇਲੇ ਸਿਵਲ ਸਪਲਾਈ ਤੇ ਖੁਰਾਕ ਵਿਭਾਗ ਵਿੱਚ ਹੋਈਆਂ ਕਥਿਤ ਗੜਬੜੀਆਂ ਨੂੰ ਲੈ ਕੇ ਵਿਜੀਲੈਂਸ ਨੂੰ ਜਾਂਚ ਵਿੱਚ ਤੇਜ਼ੀ ਲਿਆਉਣ ਦਾ ਇਸ਼ਾਰਾ ਕਰ ਦਿੱਤਾ ਗਿਆ ਹੈ। ਵਿਜੀਲੈਂਸ ਅਧਿਕਾਰੀਆਂ ਨੇ ਇਸ ਜਾਂਚ ਨੂੰ ਅੱਗੇ ਤੋਰਦਿਆ ਜਲੰਧਰ ਵਿੱਚਲੇ ਆਰਟੀਏ ਦੇ ਦਫਤਰ ਪਹੁੰਚ ਕੇ ਟਰਾਂਸਪੋਰਟ ਨਾਲ ਸਬੰਧਤ ਕਾਗਜ਼ਾਂ ਦੀ ਜਾਂਚ ਕੀਤੀ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵੇਲੇ ਹੋਈਆਂ ਕਥਿਤ ਗੜਬੜੀਆਂ ਬਾਰੇ ਕੀਤੀ ਜਾ ਰਹੀ ਜਾਂਚ ਦੌਰਾਨ ਦਸਤਾਵੇਜ਼ਾਂ ਨੂੰ ਘੋਖਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਦੇ ਇੰਸਪੈਕਟਰ ਨੇ ਅੱਜ ਇੱਥੇ ਆਰ.ਟੀ.ਏ ਦਫਤਰ ਪਹੁੰਚ ਕੇ ਖੁਰਾਕ ਤੇ ਸਪਲਾਈ ਵਿਭਾਗ ਦੇ ਸਾਮਾਨ ਦੀ ਸਪਲਾਈ ਲਈ ਰਜਿਸਟਰਡ ਗੱਡੀਆਂ ਬਾਰੇ ਜਾਂਚ ਕੀਤੀ। ਯਾਦ ਰਹੇ ਕਿ ਵਿਜੀਲੈਂਸ ਵਿਭਾਗ ਨੇ ਲੁਧਿਆਣਾ ਵਿੱਚ ਪਹਿਲਾਂ ਹੀ ਪਰਚਾ ਦਰਜ ਕੀਤਾ ਹੋਇਆ ਹੈ। ਫਰੋਲੇ ਜਾ ਰਹੇ ਕਾਗਜ਼ਾਂ ਵਿੱਚੋਂ ਬਹੁਤ ਸਾਰੇ ਟਰੱਕਾਂ ਅਤੇ ਹੋਰ ਵੱਡੀਆਂ ਗੱਡੀਆਂ ਨਾਲ ਸਬੰਧਤ ਕਾਗਜ਼ ਵੀ ਦੇਖੇ। ਟਰਾਂਸਪੋਰਟ ਵਿਭਾਗ ਦੇ ਰਿਕਾਰਡ ਅਨੁਸਾਰ ਇਹ ਨੰਬਰ ਦੋਪਹੀਆ ਵਾਹਨਾਂ ਦੇ ਹਨ। ਇਨ੍ਹਾਂ ਵਿੱਚੋਂ ਦਰਜਨਾਂ ਵਾਹਨ ਜਲੰਧਰ ਵਿੱਚ ਵੀ ਰਜਿਸਟਰਡ ਹਨ। ਮੁੱਖ ਮੰਤਰੀ ਦਫ਼ਤਰ ਵੱਲੋਂ ਵਿਜੀਲੈਂਸ ਨੂੰ ਭੇਜੀ ਗਈ ਫਾਈਲ ਵਿੱਚ ਉਨ੍ਹਾਂ ਸਾਰੇ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਹਨ ਜਿਨ੍ਹਾਂ ਰਾਹੀਂ ਖੁਰਾਕ ਤੇ ਸਪਲਾਈ ਵਿਭਾਗ ਦਾ ਸਾਮਾਨ ਸਪਲਾਈ ਕੀਤਾ ਜਾਂਦਾ ਸੀ।