ਭਗਵਾਨ ਦਾਸ ਸੰਦਲ
ਦਸੂਹਾ, 1 ਮਈ
ਇੱਥੇ ਸ਼ਹਿਰ ਵਿੱਚ ਟਰੈਫਿਕ ਸਮੱਸਿਆ ਦਿਨੋ-ਦਿਨ ਗੰਭੀਰ ਬਣਦੀ ਜਾ ਰਹੀ ਹੈ। ਇਸ ਕਾਰਨ ਸ਼ਹਿਰ ਵਾਸੀ ਅਤੇ ਦੂਰੋਂ-ਨੇੜਿਓਂ ਆਉਣ ਵਾਲੇ ਲੋਕ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ। ਸ਼ਹਿਰ ਦਾ ਬਲਗੱਣਾ ਚੌਕ ਟਰੈਫਿਕ ਸਮੱਸਿਆ ਨਾਲ ਸਭ ਤੋਂ ਵੱਧ ਗ੍ਰਸਤ ਹੈ। ਇਸ ਚੌਕ ਨਾਲ ਜੁੜੀਆਂ ਸੰਪਰਕ ਸੜਕਾਂ ’ਤੇ ਸਰਕਾਰੀ ਅਤੇ ਹੋਰ ਕਈ ਪ੍ਰਾਈਵੇਟ ਹਸਪਤਾਲ ਬਣੇ ਹੋਏ ਹਨ। ਇਸ ਤੋਂ ਇਲਾਵਾ ਜ਼ਿਆਦਾਤਰ ਸਕੂਲ-ਕਾਲਜ ਤੇ ਕੋਚਿੰਗ ਸੈਂਟਰ ਵੀ ਇੱਥੇ ਹੀ ਸਥਿਤ ਹਨ। ਭੀੜ ਵਾਲੇ ਇਸ ਇਲਾਕੇ ਵਿੱਚੋਂ ਐਂਬੂਲੈਂਸਾਂ ਦਾ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਹਾਜ਼ੀਪੁਰ ਚੌਕ, ਐਸਡੀਐਮ ਚੌਕ, ਮਾਤਾ ਰਾਣੀ ਚੌਕ, ਮਿਆਣੀ ਰੋਡ ਤੇ ਵਿਜੇ ਮਾਰਕੀਟ ਸਣੇ ਹੋਰਨਾਂ ਥਾਵਾਂ ’ਤੇ ਲੋਕ ਟਰੈਫਿਕ ਸਮੱਸਿਆ ਨਾਲ ਜੂਝ ਰਹੇ ਹਨ। ਦੁਕਾਨਦਾਰਾਂ ਵੱਲੋਂ ਕੀਤੇ ਨਾਜ਼ਾਇਜ ਕਬਜ਼ੇ, ਭਾਰੇ ਵਾਹਨਾਂ ਦਾ ਦਿਨ ਵੇਲੇ ਬਾਜ਼ਾਰਾਂ ’ਚ ਦਾਖ਼ਲ ਹੋਣਾ, ਰੇਹੜੀ-ਫੜ੍ਹੀ ਵਾਲਿਆਂ ਅਤੇ ਬੈਂਕਾਂ ਅੱਗੇ ਖੜ੍ਹੇ ਵੱਡੀ ਗਿਣਤੀ ਵਾਹਨ ਆਵਾਜਾਈ ਲਈ ਸਮੱਸਿਆ ਬਣਦੇ ਹਨ। ਕੁਝ ਬੱਸਾਂ ਵਾਲੇ ਅੱਡੇ ਤੋਂ ਬਾਹਰ ਬੱਸਾਂ ਖੜ੍ਹੀਆਂ ਕਰ ਕੇ ਸਵਾਰੀਆਂ ਉਤਾਰਦੇ ਅਤੇ ਚੜ੍ਹਾਉਂਦੇ ਹਨ। ਇਸ ਤੋਂ ਇਲਾਵਾ ਥਾਣਾ ਦਸੂਹਾ ਅਤੇ ਸਾਂਝ ਕੇਂਦਰ ਵਿੱਚ ਆਉਣ ਵਾਲੇ ਲੋਕਾਂ ਦੇ ਵੱਡੀ ਗਿਣਤੀ ਵਾਹਨ ਕੌਮੀ ਮਾਰਗ ਦੀ ਆਵਾਜਾਈ ਨੂੰ ਪ੍ਰਭਾਵਿਤ ਕਰਦੇ ਹਨ। ਵਪਾਰ ਮੰਡਲ ਦਸੂਹਾ, ਰਾਮ ਨੌਵੀ ਕਮੇਟੀ, ਡੀਪੀਸੀ ਐਂਡ ਵੈੱਲਫੇਅਰ ਫਾਊਂਡੇਸ਼ਨ ਸਣੇ ਹੋਰ ਸਮਾਜਿਕ ਜਥੇਬੰਦੀਆਂ ਨੇ ਟਰੈਫਿਕ ਸਮੱਸਿਆ ਦੇ ਹੱਲ ਦੀ ਮੰਗ ਕੀਤੀ।
ਉਪ ਮੰਡਲ ਮੈਜਿਸਟ੍ਰੇਟ ਦਸੂਹਾ ਰਣਦੀਪ ਸਿੰਘ ਹੀਰ ਨੇ ਕਿਹਾ ਕਿ ਟਰੈਫਿਕ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਤੇ ਪੁਲੀਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਿਸ਼ੇਸ਼ ਮੁਹਿੰਮ ਆਰੰਭੀ ਜਾਵੇਗੀ।