ਪੱਤਰ ਪ੍ਰੇਰਕ
ਦਸੂਹਾ, 7 ਜੁਲਾਈ
ਇੱਥੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਸੂਹਾ ਦੇ ਵਫਦ ਵੱਲੋਂ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਦੀ ਅਗਵਾਈ ਹੇਠ ਨਵ ਨਿਯੁਕਤ ਡੀ.ਐੱਸ.ਪੀ ਬਲਬੀਰ ਸਿੰਘ ਨਾਲ ਮੁਲਾਕਾਤ ਦੌਰਾਨ ਖੇਤਰ ਦੇ ਅਹਿਮ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਵਪਾਰੀਆਂ ਨੇ ਪੁਲੀਸ ਅਧਿਕਾਰੀ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆਂ ਆਖਿਆ। ਇਸ ਮਗਰੋਂ ਪ੍ਰਧਾਨ ਗੱਗੀ ਠੁਕਰਾਲ ਨੇ ਵਪਾਰ ਮੰਡਲ ਵੱਲੋਂ ਡੀਐੱਸਪੀ ਦਾ ਸਵਾਗਤ ਕਰਦਿਆਂ ਕਿਹਾ ਕਿ ਪੁਲੀਸ ਤੇ ਆਮ ਜਨਤਾ ਵਿਚਾਲੇ ਸਹਿਯੋਗ ਸਦਕਾ ਹੀ ਸਮਾਜ ਵਿੱਚ ਹਾਂ ਪੱਖੀ ਮਾਹੌਲ ਸਿਰਜਿਆ ਜਾ ਸਕਦਾ ਹੈ। ਉਨ੍ਹਾਂ ਸ਼ਹਿਰ ਦੀ ਅੰਦਰੂਨੀ ਆਵਾਜਾਈ ਨੂੰ ਦਰੁਸਤ ਕਰਨ, ਬਾਜ਼ਾਰਾਂ ਵਿੱਚ ਗਸ਼ਤ ਤੇ ਚੌਕਸੀ ਵਧਾਉਣ ਦੀ ਮੰਗ ਕੀਤੀ। ਡੀਐੱਸਪੀ ਬਲਬੀਰ ਸਿੰਘ ਨੇ ਕਿਹਾ ਕਿ ਖੇਤਰ ‘ਚ ਅਮਨ ਕਾਨੂੰਨ ਦੀ ਵਿਵਸਥਾ ਲਾਗੂ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਜਿਸ ਲਈ ਹਰ ਵਰਗ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਸਮਾਜ ਵਿੱਚ ਨਸ਼ਿਆਂ ਦੇ ਵਧ ਰਹੇ ਪ੍ਰਭਾਵ ’ਤੇ ਚਿੰਤਾ ਜ਼ਾਹਰ ਵੀ ਕੀਤੀ। ਇਸ ਮੌਕੇ ਨਿਰਮਲ ਸਿੰਘ ਤਲਵਾੜ, ਰਾਕੇਸ਼ ਮਹਾਜਨ, ਕੈਲਾਸ਼ ਡੋਗਰਾ, ਤਰਸੇਮ ਸਿੰਘ ਖਾਲਸਾ, ਅਰਵਿੰਦਰਪਾਲ ਸਿੰਘ, ਰਾਜੂ ਠੁਕਰਾਲ, ਰਾਜਨ ਰਲਹਣ, ਜਗਮੋਹਣ ਪੁਰੀ, ਬਲਦੇਵ ਠਾਕੁਰ, ਲੱਖਾ ਸਿੰਘ, ਟੀਪੂ ਠੁਕਰਾਲ, ਪਵਿੱਤਰਪਾਲ ਸਿੰਘ, ਗੁਰਚਰਨ ਸਿੰਘ ਆਦਿ ਮੌਜੂਦ ਸਨ।