ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 14 ਅਕਤੂਬਰ
ਕਾਂਗਰਸੀ ਕੌਂਸਲਰਾਂ ਨੇ ਅੱਜ ਕਮਿਸ਼ਨਰ ਦਵਿੰਦਰ ਸਿੰਘ ਨਾਲ ਮੀਟਿੰਗ ਕਰਕੇ ਆਪਣੇ ਵਾਰਡਾਂ ਵਿੱਚ ਬਕਾਇਆ ਪਏ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ। ਕੌਂਸਲਰਾਂ ਨੇ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਸ਼ਹਿਰ ਦੇ 75 ਫੀਸਦੀ ਹਿੱਸੇ ਵਿੱਚ ਸਟਰੀਟ ਲਾਈਟਾਂ ਬੰਦ ਹਨ। ਕੌਂਸਲਰਾਂ ਨੇ ਗੁੱਸੇ ਵਿੱਚ ਕਿਹਾ ਕਿ ਸੀਵਰੇਜ ਅਤੇ ਕੂੜੇ ਦੀ ਸਮੱਸਿਆ, ਹਨੇਰਾ ਅਤੇ ਸੜਕਾਂ ਦੀ ਮਾੜੀ ਹਾਲਤ ਸ਼ਹਿਰ ਦੀਆਂ ਮਹੱਤਵਪੂਰਨ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਪ੍ਰਸ਼ਾਸਨ ਹੱਲ ਨਹੀਂ ਕਰ ਰਿਹਾ।
ਕੌਂਸਲਰ ਜਗਦੀਸ਼ ਸਮਰਾਏ ਨੇ ਦੋਸ਼ ਲਾਇਆ ਕਿ ਪੈਂਡਿੰਗ ਕੰਮਾਂ ਨੂੰ ਪੂਰਾ ਕਰਨ ਲਈ ਕਮਿਸ਼ਨਰ ਕਥਿਤ ਤੌਰ ’ਤੇ ਗੰਭੀਰ ਨਹੀਂ ਹਨ। ਉਨ੍ਹਾਂ ਕਿਹਾ ਕਿ ਐਲਈਡੀ ਲਾਈਟਾਂ ਤਾਂ ਭੁੱਲ ਜਾਓ, ਇੱਥੋਂ ਤੱਕ ਕਿ ਕੁਝ ਥਾਵਾਂ ’ਤੇ ਸਟਰੀਟ ਲਾਈਟਾਂ ਵੀ ਸਹੀ ਰੱਖ-ਰਖਾਅ ਦੀ ਅਣਹੋਂਦ ਵਿੱਚ ਕੰਮ ਨਹੀਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਠੇਕੇਦਾਰ ਕਈ ਸਟਰੀਟ ਲਾਈਟਾਂ ਨੂੰ ਠੀਕ ਨਹੀਂ ਕਰ ਰਹੇ।
ਦੀਵਾਲੀ ਤੋਂ ਪਹਿਲਾਂ ਲਾਈਟਾਂ ਠੀਕ ਕਰਵਾਈਆਂ ਜਾਣਗੀਆਂ: ਕਮਿਸ਼ਨਰ
ਕਮਿਸ਼ਨਰ ਦਵਿੰਦਰ ਸਿੰਘ ਨੇ ਕੌਂਸਲਰਾਂ ਨੂੰ ਭਰੋਸਾ ਦਿੱਤਾ ਕਿ ਦੀਵਾਲੀ ਤੋਂ ਪਹਿਲਾ ਸ਼ਹਿਰ ਦੀਆਂ ਸਟਰੀਟ ਲਾਈਟਾਂ ਠੀਕ ਕਰਵਾ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਹ ਕੌਂਸਲਰਾਂ ਦੀਆਂ ਮੰਗਾਂ ’ਤੇ ਕਾਰਵਾਈ ਕਰਦਿਆਂ ਪਹਿਲ ਦੇ ਅਧਾਰ ’ਤੇ ਵਿਕਾਸ ਕਾਰਜ ਕਰਵਾਉਣਗੇ।