ਬੰਗਾ (ਸੁਰਜੀਤ ਮਜਾਰੀ): ਦਿੱਲੀ ਦੀਆਂ ਬਰੂਹਾਂ ’ਤੇ ਲੰਬੀਆਂ ਕਤਾਰਾਂ ਬੰਨ੍ਹ ਕੇ ਪੁੱਜੇ ਟਰੈਕਟਰਾਂ ਦੀ ਦੁਨੀਆ ਭਰ ’ਚ ਚਰਚਾ ਹੋ ਰਹੀ ਹੈ। ਫਾਰਮਟਰੈਕ, ਮਹਿੰਦਰਾ, ਸੋਨਾਲੀਕਾ, ਸਵਰਾਜ, ਮੈਸੀ, ਜ਼ੋਡੀਅਰ ਆਦਿ ਕੰਪਨੀਆਂ ਦੇ ਇਹ ਟਰੈਕਟਰ ਕਿਸਾਨੀ ਦੇ ਮਿੱਤਰ ਬਣ ਕੇ ਅੰਦੋਲਨ ਦਾ ਹਿੱਸਾ ਬਣੇ ਹਨ। ਇਨ੍ਹਾਂ ਟਰੈਕਟਰਾਂ ਦੀ ਗਿਣਤੀ ਵਿਸ਼ਵ ਰਿਕਾਰਡ ਵੀ ਬਣੇਗੀ ਅਤੇ ਧੱਕੇਸ਼ਾਹੀ ਖ਼ਿਲਾਫ਼ ਬਗਾਵਤ ਦਾ ਪ੍ਰਤੀਕ ਵੀ। ਪੰਜਾਬ ਭਰ ’ਚੋਂ ਦਿੱਲੀ ਪਰੇਡ ਲਈ ਤਿਆਰ-ਬਰ-ਤਿਆਰ ਵੱਡੀ ਗਿਣਤੀ ਟਰੈਕਟਰਾਂ ਦੀ ਟੌਹਰ ਨੇ ਲਗਜ਼ਰੀ ਗੱਡੀਆਂ ਨੂੰ ਮਾਤ ਪਾ ਕੇ ਰੱਖ ਦਿੱਤੀ ਹੈ। ਇੱਕੋ ਜਿਹੇ ਪਹਿਰਾਵੇ ਵਾਲੇ ਪਿੰਡ ਟੋਡਰਪੁਰ ਦੇ ਸੱਤ ਨੌਜਵਾਨਾਂ ਨੇ ਝੰਡਿਆਂ ਅਤੇ ਫੁੱਲਾਂ ਨਾਲ ਸਜਾਏ ਆਪੋ ਆਪਣੇ ਟਰੈਕਟਰ ’ਤੇ ਦਿੱਲੀ ਕੂਚ ਕੀਤਾ। ਉਨ੍ਹਾਂ ਸਾਰੇ ਟਰੈਕਟਰਾਂ ਅੱਗੇ ‘ਸ਼ੂਕ ਟਰੈਕਟਰ ਦੀ ਦੁਨੀਆ ਅੰਦਰ ਗੂੰਜੇ’ ਇੱਕੋ ਰੂਪ ’ਚ ਲਿਖਿਆ ਹੋਇਆ ਸੀ।