ਪੱਤਰ ਪ੍ਰੇਰਕ
ਦਸੂਹਾ, 18 ਦਸੰਬਰ
ਇਥੇ ਵਿਧਾਨ ਸਭਾ ਚੋਣਾਂ ਸਿਰ ’ਤੇ ਹੋਣ ਦੇ ਬਾਵਜੂਦ ਵੀ ਹਲਕੇ ਵਿਚ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਅੰਦਰੂਨੀ ਫੁੱਟ ਨਾਲ ਜੂਝ ਰਹੇ ਹਨ। ਕੁਝ ਦਿਨਾਂ ਤੋਂ ਸਥਿਤੀ ਇੰਨੀ ਵਿਸਫੋਟਕ ਬਣਦੀ ਜਾ ਰਹੀ ਹੈ ਕਿ ਟਿਕਟ ਦੇ ਦਾਅਵੇਦਾਰਾਂ ਨੇ ਸ਼ਰੇਆਮ ਵਿਧਾਇਕ ਅਰੁਣ ਮਿਕੀ ਡੋਗਰਾ ਖਿਲਾਫ ਬਿਆਨਬਾਜ਼ੀ ਕਰਦਿਆਂ ਮੋਰਚਾ ਖੋਲ੍ਹ ਦਿੱਤਾ ਹੈ। ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਿੱਧੇ ਸੰਪਰਕ ’ਚ ਯੂਥ ਆਗੂ ਅਮੋਲਕ ਸਿੰਘ ਹੁੰਦਲ ਤੇ ਮੰਗਜੀਤ ਸਿੰਘ ਗੰਭੋਵਾਲ ਦੇ ਧੜੇ ਵੱਲੋਂ ਮਿਆਣੀ ਰੋਡ ਨੇੜੇ ਰੈਲੀ ਵਿੱਚ ਸ਼ਾਮਲ ਵੱਡੀ ਗਿਣਤੀ ਲੋਕਾਂ ਦੀ ਸ਼ਮੂਲੀਅਤ ਨੇ ਜਿਥੇ ਵਿਧਾਇਕ ਡੋਗਰਾ ਦੀ ਚਿੰਤਾ ਵਧਾ ਦਿੱਤੀ ਹੈ ਉਥੇ ਹੀ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਇਲਾਕੇ ’ਚ ਨਵੀਂ ਚਰਚਾ ਛਿੜ ਗਈ ਹੈ। ਰੈਲੀ ਵਿੱਚ ਇਨ੍ਹਾਂ ਆਗੂਆਂ ਨੇ ਆਪਣੀ ਹੀ ਪਾਰਟੀ ਦੇ ਵਿਧਾਇਕ ਦੀ ਕਾਰਗੁਜ਼ਾਰੀ ’ਤੇ ਉਂਗਲ ਉਠਾਉਂਦਿਆਂ ਕਿਹਾ ਕਿ ਪਿਛਲੇ ਪੰਜ ਸਾਲ ਤੋਂ ਸਰਕਾਰੀ ਅਦਾਰਿਆਂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਰਿਹਾ ਹੈ ਜਿਸ ਕਾਰਨ ਆਮ ਲੋਕ ਨਿਰਾਸ਼ ਹਨ। ਵਿਧਾਇਕ ਡੋਗਰਾ ਹਲਕੇ ਵਿੱਚ ਬੇਰੁਜ਼ਗਾਰਾਂ ਲਈ ਕੋਈ ਵੀ ਪ੍ਰਾਜੈਕਟ ਸਥਾਪਿਤ ਕਰਨ ਵਿਚ ਨਾਕਾਮ ਰਹੇ ਹਨ। ਇਸ ਮੌਕੇ ਹੁੰਦਲ ਵੱਲੋਂ ਆਪਣੇ ਸਮਰਥਕਾਂ ਨਾਲ ਸ਼ਹਿਰ ਅੰਦਰ ਪੈਦਲ ਮਾਰਚ ਕਰਕੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ।