
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਮਲਕੀਅਤ ਸਿੰਘ
ਪਾਲ ਸਿੰਘ ਨੌਲੀ/ਸਰਬਜੀਤ ਗਿੱਲ
ਜਲੰਧਰ/ਫਿਲੌਰ, 6 ਦਸੰਬਰ
ਦਿਹਾਤੀ ਪੁਲੀਸ ਨੇ ਲੰਡਾ ਗੈਂਗਸਟਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦਿਹਾਤੀ ਪੁਲੀਸ ਦੇ ਐੱਸਐੱਸਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਗੈਂਗਸਟਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਲੰਡਾ ਗਰੋਹ ਦੇ ਤਿੰਨ ਮੈਂਬਰਾਂ ਨੂੰ 9 ਪਿਸਤੌਲਾਂ ਸਣੇ ਕਾਬੂ ਕਰਨ ਵਿੱਚ ਕਾਮਜਾਬੀ ਹਾਸਲ ਕੀਤੀ ਹੈ। ਫੜੇ ਗਏ ਮੈਂਬਰਾਂ ਦੀ ਪਛਾਣ ਲਵਪ੍ਰੀਤ ਸਿੰਘ ਉਰਫ ਲਾਡੀ ਵਾਸੀ ਭੱਜਲਾ ਥਾਣਾ ਗੜ੍ਹਸ਼ੰਕਰ, ਗਗਨਦੀਪ ਸਿੰਘ ਉਰਫ ਗਗਨ ਵਾਸੀ ਮੁਹੱਲਾ ਰਣਜੀਤਪੁਰਾ ਪਿੰਡ ਤਲਵਣ ਥਾਣਾ ਬਿਲਗਾ ਅਤੇ ਸੁਖਵਿੰਦਰ ਸਿੰਘ ਉਰਫ ਸੁੱਖਾ ਵਾਸੀ ਢੰਡਵਾੜ ਥਾਣਾ ਗੁਰਾਇਆ ਵੱਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਥਾਣਾ ਫਿਲੌਰ ਦੇ ਮੁਖੀ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਏਐੱਸਆਈ ਸੁਖਵਿੰਦਪਾਲ (ਚੌਕੀ ਇੰਚਾਰਜ ਅੱਪਰਾ) ਨੇ ਪੁਲੀਸ ਪਾਰਟੀ ਨਾਲ ਜੱਜਾ ਚੌਕ ਨੇੜੇਓਂ ਮੁਖਬਰ ਦੀ ਪੁਖਤਾ ਜਾਣਕਾਰੀ ਦੇ ਆਧਾਰ ’ਤੇ ਕਰਵਾਈ ਕਰਦਿਆਂ ਲਖਵੀਰ ਲੰਡਾ ਗਰੋਹ ਦੇ ਇਨ੍ਹਾਂ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਫੜੇ ਗਏ ਮੁਲਜ਼ਮਾਂ ਕੋਲੋ ਸੱਤ ਪਿਸਤੋਲਾਂ ਸਮੇਤ ਮੈਗਜ਼ੀਨ ਅਤੇ 30 ਰੋਂਦ, ਇਕ ਰਿਵਾਲਵਰ .32 ਬੋਰ, ਇੱਕ ਪਿਸਤੋਲ .315 ਬੋਰ ਬਰਾਮਦ ਕੀਤੇ ਹਨ। ਮੁਲਜ਼ਮਾਂ ਵਿਰੁੱਧ ਥਾਣਾ ਫਿਲੌਰ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਗ੍ਰਿਫ਼ਤਾਰ ਮੁਲਜ਼ਮਾਂ ਵਿੱਚੋਂ ਲਵਪ੍ਰੀਤ ਸਿੰਘ ਉਰਫ ਲਾਡੀ ਖ਼ਿਲਾਫ਼ ਪਹਿਲਾਂ ਵੀ ਕਤਲ ਦਾ ਇੱਕ ਕੇਸ, ਇਰਾਦਾ ਕਤਲ ਦੇ ਦੋ ਕੇਸਾਂ ਸਮੇਤ ਕੁੱਲ 15 ਮੁਕੱਦਮੇ ਦਰਜ ਹਨ। ਗਗਨਦੀਪ ਸਿੰਘ ਦੇ ਖ਼ਿਲਾਫ਼ ਇਰਾਦਾ ਕਤਲ ਸਮੇਤ ਕੁੱਲ 15 ਕੇਸ ਦਰਜ ਹਨ। ਜ਼ਿਕਰਯੋਗ ਹੈ ਕਿ ਗਗਨਦੀਪ ਸਿੰਘ ਦੇ ਭਰਾ ਅਮਨਦੀਪ ਸਿੰਘ ਦੀ ਬੂਟਾ ਪਿੰਡ ਜ਼ਿਲ੍ਹਾ ਕਪੂਰਥਲਾ ਵਿੱਚ ਵਿਰੋਧੀ ਧਿਰ ਦੇ ਗਰੋਹ ਮੈਂਬਰਾਂ ਨਾਲ ਲੜਾਈ ਹੋਈ ਸੀ ਜਿਸ ਵਿਚ ਉਸ ਨੂੰ ਗੋਲੀ ਲੱਗ ਗਈ ਸੀ। ਇਸ ਦਾ ਬਦਲਾ ਲੈਣ ਲਈ ਗਰੋਹ ਦੇ ਇਨ੍ਹਾਂ ਮੈਂਬਰਾਂ ਵਲੋਂ ਹਥਿਆਰਾ ਦੀ ਵਰਤੋਂ ਕੀਤੀ ਜਾਣੀ ਸੀ। ਪੁਲੀਸ ਨੇ ਗਰੋਹ ਦੇ ਮੈਂਬਰਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ ਤੇ ਹੋਰ ਜਾਂਚ ਕੀਤੀ ਜਾ ਰਹੀ ਹੈ।
ਵਿਰੋਧੀ ਗਰੋਹ ਮੈਂਬਰਾਂ ਦੀ ਹੱਤਿਆ ਦੇ ਰੌਂਅ ’ਚ ਸਨ ਮੁਲਜ਼ਮ
ਐੱਸਐੱਸਪੀ ਨੇ ਦੱਸਿਆ ਕਿ ਗਰੋਹ ਦੇ ਮੈਂਬਰਾਂ ਨੇ ਬਲਾਚੋਰੀਆ ਵਾਸੀ ਬੇਲੜੋਂ ਜ਼ਿਲ੍ਹਾ ਹੁਸ਼ਿਆਰਪੁਰ, ਜੋ ਇਸ ਸਮੇਂ ਅੰਮ੍ਰਿਤਸਰ ਜੇਲ੍ਹ ’ਚ ਬੰਦ ਹੈ, ਦੇ ਕਹਿਣ ’ਤੇ ਵਿਰੋਧੀ ਗੈਂਗ ਦੇ ਮੈਂਬਰਾਂ ਦਾ ਕਤਲ ਕਰਨਾ ਸੀ। ਗਰੋਹ ਦੇ ਇਨ੍ਹਾਂ ਮੈਂਬਰਾਂ ਨੂੰ ਹਥਿਆਰ ਸਪਲਾਈ ਕਰਨ ਲਈ ਰਵੀ ਬਲਾਚੌਰੀਆ ਦੀ ਗੱਲਬਾਤ ਪਟਿਆਲਾ ਜੇਲ੍ਹ ਵਿੱਚ ਬੰਦ ਗੈਂਗਸਟਰ ਰਾਜਵੀਰ ਕੌਸ਼ਲ ਨਾਲ ਹੁੰਦੀ ਰਹਿੰਦੀ ਸੀ ਅਤੇ ਇਹ ਸਾਰਾ ਕੁਝ ਲਖਵੀਰ ਲੰਡਾ ਗੈਂਗਸਟਰ ਵਾਸੀ ਹਰੀਕੇ ਦੇ ਕਹਿਣ ’ਤੇ ਚੱਲਦਾ ਸੀ। ਗੈਂਗਸਟਰਾਂ ਨੇ ਇਹ ਸਾਰੇ ਹਥਿਆਰ ਮੇਰਠ (ਯੂਪੀ) ਤੋਂ ਲਿਆਂਦੇ ਸਨ। ਇਨ੍ਹਾਂ ਹਥਿਆਰਾਂ ਦੀ ਵਰਤੋਂ ਵਿਰੋਧੀ ਧਿਰ ਦੇ ਗੈਂਗ ਦੇ ਮੈਂਬਰਾਂ ਦਾ ਕਤਲ ਕਰਨ, ਫਿਰੌਤੀ ਮੰਗਣ ਅਤੇ ਹੋਰ ਵੱਡੀਆਂ ਵਾਰਦਾਤਾਂ ਕਰਨ ਲਈ ਕੀਤੀ ਜਾਣੀ ਸੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ