ਪੱਤਰ ਪ੍ਰੇਰਕ
ਹੁਸ਼ਿਆਰਪੁਰ, 10 ਅਕਤੂਬਰ
ਪੁਲੀਸ ਨੇ ਸ਼ਹਿਰ ਦੇ ਇਕ ਸੁਨਿਆਰੇ ਨੂੰ ਇੰਟਰਨੈਸ਼ਨਲ ਨੰਬਰ ਤੋਂ ਮੋਬਾਈਲ ’ਤੇ ਮੈਸੇਜ ਕਰਕੇ 8 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਗਰੋਹ ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਸੁਖਵਿੰਦਰਪਾਲ ਸਿੰਘ ਉਰਫ਼ ਗੱਗੀ ਪੁੱਤਰ ਕੇਵਲ ਸਿੰਘ, ਅਕਾਸ਼ਦੀਪ ਸਿੰਘ ਪੁੱਤਰ ਮਨਜੀਤ ਸਿੰਘ ਅਤੇ ਗਗਨਦੀਪ ਸਿੰਘ ਉਰਫ਼ ਗਗਨ ਪੁੱਤਰ ਰਾਜਿੰਦਰ ਸਿੰਘ ਸਾਰੇ ਵਾਸੀ ਬਠਿੰਡਾ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਫਿਰੌਤੀ ਦੀ ਰਕਮ 1 ਲੱਖ 5 ਹਜ਼ਾਰ ਰੁਪਏ, 4 ਮੋਬਾਈਲ ਫ਼ੋਨ, ਇਕ ਮੋਟਰ ਸਾਈਕਲ, ਵੋਆਇਸ ਚੇਂਜਰ ਡਿਵਾਈਸ ਅਤੇ ਹੋਰ ਸਮਾਨ ਵੀ ਬਰਾਮਦ ਹੋਇਆ ਹੈ। ਦੋਸ਼ੀ ਸੁਖਵਿੰਦਰਪਾਲ ਸਿੰਘ ਉਰਫ਼ ਗੱਗੀ ਖਿਲਾਫ਼ ਪਹਿਲਾਂ ਵੀ ਬਠਿੰਡਾ ਵਿਖੇ ਕੇਸ ਦਰਜ ਹੈ। ਪੁਲੀਸ ਲਾਈਨ ਵਿਖੇ ਪੱਤਰਕਾਰਾਂ ਨਾਲ ਜਣਕਾਰੀ ਸਾਂਝੀ ਕਰਦਿਆਂ ਸੀਨੀਅਰ ਪੁਲੀਸ ਕਪਤਾਨ ਅਮਨੀਤ ਕੌਂਡਲ ਨੇ ਦੱਸਿਆ ਕਿ ਅਨੂਪ ਕੁਮਾਰ ਜੈਨ ਨੇ ਸਿਟੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਇੰਟਰਨੈਸ਼ਨਲ ਨੰਬਰ ਤੋਂ ਵਾਰ-ਵਾਰ ਮੈਸੇਜ ਕਰਕੇ ਉਸ ਕੋਲੋਂ 8 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ ਅਤੇ ਧਮਕੀ ਦਿੱਤੀ ਜਾ ਰਹੀ ਹੈ ਕਿ ਜੇਕਰ ਫਿਰੌਤੀ ਨਾ ਦਿੱਤੀ ਤਾਂ ਤੇਰਾ ਵੱਡਾ ਨੁਕਸਾਨ ਹੋ ਸਕਦਾ ਹੈ। ਅਮਨੀਤ ਕੌਂਡਲ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।