ਨਿੱਜੀ ਪੱਤਰ ਪ੍ਰੇਰਕ
ਜਲੰਧਰ, 13 ਫਰਵਰੀ
ਇੱਥੇ ਗੁਜਰਾਲ ਨਗਰ ’ਚ ਭੋਂਤੂ ਗਰੋਹ ਨੇ ਇਕ ਵਾਰੀ ਫੇਰ ਆਪਣੇ ਹੱਥ ਦਿਖਾਉਂਦੇ ਹੋਏ ਇਕ ਕਾਰ ਦਾ ਸ਼ੀਸ਼ਾ ਤੋੜ ਕੇ ਉਸ ’ਚੋਂ ਨਕਦੀ ਵਾਲਾ ਬੈਗ ਤੇ ਹੋਰ ਸਾਮਾਨ ਚੋਰੀ ਕਰ ਲਿਆ। ਇਸ ਸਬੰਧੀ ਸੁਮਿਤ ਸੈਣੀ ਵਾਸੀ ਗੁਜਰਾਲ ਨਗਰ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੇ ਦਫ਼ਤਰ ਜਾਣ ਲਈ ਤਿਆਰ ਹੋ ਰਹੇ ਸਨ। ਉਨ੍ਹਾਂ ਦੇ ਘਰ ਕੰਮ ਕਰਨ ਵਾਲੇ ਨੌਜਵਾਨ ਨੇ ਉਸ ਦਾ ਬੈਗ ਗੱਡੀ ਵਿੱਚ ਰੱਖ ਦਿੱਤਾ ਜੋ ਕਿ ਉਨ੍ਹਾਂ ਦੀ ਕੋਠੀ ਦੇ ਬਾਹਰ ਖੜ੍ਹੀ ਸੀ। ਕੁਝ ਸਮੇਂ ਬਾਅਦ ਤਿਆਰ ਹੋ ਕੇ ਦਫ਼ਤਰ ਜਾਣ ਲੱਗੇ ਤਾਂ ਉਨ੍ਹਾਂ ਦੇਖਿਆ ਕਿ ਗੱਡੀ ਦਾ ਸ਼ੀਸ਼ਾ ਟੁੱਟਾ ਪਿਆ ਸੀ ਅਤੇ ਅੰਦਰ ਪਿਆ ਉਨ੍ਹਾਂ ਦਾ ਬੈਗ ਗ਼ਾਇਬ ਸੀ। ਉਨ੍ਹਾਂ ਦੱਸਿਆ ਕਿ ਬੈਗ ’ਚ ਤਿੰਨ ਲੱਖ ਰੁਪਏ, ਲੈਪਟੌਪ ਤੇ ਜ਼ਰੂਰੀ ਕਾਗਜ਼ਾਤ ਸਨ।