ਪੱਤਰ ਪ੍ਰੇਰਕ
ਬੰਗਾ, 18 ਫਰਵਰੀ
ਇਸ ਹਲਕੇ ਨੇ ਪੰਜਾਬ ਦੇ ਸਾਰੇ ਹਲਕਿਆਂ ਦੇ ਮੁਕਾਬਲੇ ਵੱਧ ਗਿਣਤੀ ਸਿਆਸੀ ਧਿਰਾਂ ਦੇ ਵਿਧਾਇਕ ਬਣਾਉਣ ਦਾ ਰਿਕਾਰਡ ਆਪਣੇ ਨਾਂ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਇੱਥੇ ਹਰ ਵਾਰ ਵੱਖਰੀ ਪਾਰਟੀ ਦਾ ਉਮੀਦਵਾਰ ਜਿਤਾਉਣ ਦੀ ਵੀ ਪਿਰਤ ਪਾਈ ਹੋਈ ਹੈ। ਇਨ੍ਹਾਂ ਚੋਣਾਂ ਵਿੱਚ ਤਿੰਨ ਸਾਬਕਾ ਵਿਧਾਇਕ ਮੁੜ ਮੈਦਾਨ ਵਿੱਚ ਡਟੇ ਹਨ। ਇੱਥੋਂ ਪਲੇਠੀ ਜਿੱਤ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਹਰਗੁਰਨਾਦ ਸਿੰਘ ਮਾਨ ਨੇ 1967 ਵਿੱਚ ਹਾਸਲ ਕੀਤੀ ਸੀ। ਉਹਨਾਂ ਤੋਂ ਬਾਅਦ 1971 ਅਤੇ 1980 ਵਿੱਚ ਕਾਂਗਰਸ ਦੇ ਮਰਹੂਮ ਚੌਧਰੀ ਜਗਤ ਰਾਮ ਸੂੁੰਢ ਇੱਥੋਂ ਚੋਣ ਜਿੱਤੇ ਸਨ। ਇਵੇਂ 1977 ’ਚ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਮਰਹੂਮ ਕਾਮਰੇਡ ਹਰਬੰਸ ਸਿੰਘ ਬੀਕਾ ਵਿਧਾਇਕ ਬਣੇ। ਫਿਰ ਸ਼੍ਰੋਮਣੀ ਅਕਾਲੀ ਦਲ ਦੇ ਹੀ ਮਰਹੂਮ ਬਲਵੰਤ ਸਿੰਘ ਸਰਹਾਲ ਨੇ 1985 ਵਿੱਚ ਜਿੱਤ ਹਾਸਲ ਕੀਤੀ। 1992 ਵਿੱਚ ਬਹੁਜਨ ਸਮਾਜ ਪਾਰਟੀ ਦੇ ਮਰਹੂਮ ਸਤਨਾਮ ਸਿੰਘ ਕੈਂਥ ਵਿਧਾਇਕ ਚੁਣੇ ਗਏ।
ਚੌਧਰੀ ਮੋਹਣ ਲਾਲ ਬਹਿਰਾਮ 1997 ਅਤੇ 2007 ਵਿੱਚ ਅਤੇ ਚੌਧਰੀ ਤਰਲੋਚਨ ਸਿੰਘ ਸੂੰਢ 2002 ਅਤੇ 2012 ਵਿੱਚ ਵਾਰੋ ਵਾਰੀ ਵਿਧਾਇਕ ਬਣੇ। 2017 ਦੀਆਂ ਚੋਣਾਂ ’ਚ ਇਹਨਾਂ ਦੋਵਾਂ ਆਗੂਆਂ ਦੇ ਆਪੋ ਆਪਣੀਆਂ ਪਾਰਟੀਆਂ ਤੋਂ ਅੱਡ ਹੋਣ ਕਾਰਨ ਇੱਥੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਡਾ. ਸੁਖਵਿੰਦਰ ਕੁਮਾਰ ਸੁੱਖੀ ਚੋਣ ਜਿੱਤਣ ’ਚ ਸਫ਼ਲ ਹੋ ਗਏ।
ਇਨ੍ਹਾਂ ਵਿੱਚੋਂ ਡਾ. ਸੁਖਵਿੰਦਰ ਕੁਮਾਰ ਸੁੱਖੀ (ਸ਼੍ਰੋਮਣੀ ਅਕਾਲੀ ਦਲ/ਬਹੁਜਨ ਸਮਾਜ ਪਾਰਟੀ), ਚੌਧਰੀ ਮੋਹਣ ਲਾਲ ਬਹਿਰਾਮ (ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ, ਸੰਯੁਕਤ ਸਮਾਜ ਮੋਰਚਾ) ਅਤੇ ਚੌਧਰੀ ਤਰਲੋਚਨ ਸਿੰਘ ਸੂੰਢ (ਕਾਂਗਰਸ) ਵਲੋਂ ਮੁੜ ਚੋਣ ਮੈਦਾਨ ਵਿੱਚ ਹਨ। ਪਿਛਲੀਆਂ ਚੋਣਾਂ ’ਚ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜੋਤ ਕੌਰ ਲੋਹਟੀਆ ਘੱਟ ਅੰਤਰ ਨਾਲ ਚੋਣ ਹਾਰ ਗਏ ਸਨ ਅਤੇ ਇਸ ਵਾਰ ਇਸ ਪਾਰਟੀ ਵਲੋਂ ਕੁਲਜੀਤ ਸਿੰਘ ਸਰਹਾਲ ਨੇ ਚੋਣ ਮੁਕਾਬਲੇ ਨੂੰ ਨਵਾਂ ਰੁਖ ਦਿੱਤਾ ਹੋਇਆ ਹੈ। ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਰਾਜ ਕੁਮਾਰ ਮਾਹਲ ਵੀ ਬਰਾਬਰ ਦੀ ਟੱਕਰ ਦੇ ਰਹੇ ਹਨ।