ਭੋਗਪੁਰ, 27 ਅਗਸਤ
ਪੁਲੀਸ ਨੇ ਤਿੰਨ ਨਸ਼ਾ ਤਸਕਰ ਹੈਰੋਇਨ ਸਮੇਤ ਕਾਬੂ ਕੀਤੇ। ਥਾਣਾ ਮੁਖੀ ਇੰਸਪੈਕਟਰ ਰਛਪਾਲ ਸਿੰਘ ਨੇ ਦੱਸਿਆ ਕਿ ਕੌਮੀ ਮਾਰਗ ’ਤੇ ਲਾਏ ਨਾਕੇ ਦੌਰਾਨ ਪੁਲੀਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਪਿੱਛੇ ਵੱਲ ਮੁੜਨ ਲੱਗੇ ਤਾਂ ਪੁਲੀਸ ਮੁਲਾਜ਼ਮਾਂ ਨੇ ਦੋਵਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਨਸ਼ਾ ਤਸਕਰਾਂ ਦੀ ਪਛਾਣ ਬਲਜੀਤ ਸਿੰਘ ਉਰਫ ਮਨੀ ਵਾਸੀ ਗਲੀ ਨੰਬਰ -04 ਬਾਲਮੀਕ ਮੁਹੱਲਾ ਪਿੰਡ ਜਾਜਾ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਅਮਨਦੀਪ ਗਿੱਲ ਵਾਸੀ ਢੱਡਾ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ। ਇਸੇ ਤਰ੍ਹਾਂ ਏਐੱਸਆਈ ਮਹੇਸ਼ ਕੁਮਾਰ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਪਿੰਡ ਕਿੰਗਰਾ ਚੋ ਵਾਲਾ ਤੋਂ ਲੁਹਾਰਾਂ ਸੜਕ ’ਤੇ ਨਸ਼ੇ ਤਸਕਰ ਰਜਨੀ ਉਰਫ ਰੱਜੀ ਵਾਸੀ ਕਿੰਗਰਾ ਚੋ ਵਾਲਾ ਹਾਲ ਵਾਸੀ ਲੁਹਾਰਾਂ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਨੂੰ 5 ਗ੍ਰਾਮ ਹੈਰੋਇਨ ਅਤੇ 90 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਪੁਲੀਸ ਨੇ ਤਿੰਨਾਂ ਨਸ਼ਾ ਤਸਕਰਾਂ ਵਿਰੁੱਧ ਥਾਣਾ ਭੋਗਪੁਰ ਵਿੱਚ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ