ਨਿੱਜੀ ਪੱਤਰ ਪ੍ਰੇਰਕ
ਜਲੰਧਰ, 2 ਮਈ
ਦਿਹਾਤੀ ਪੁਲੀਸ ਨੇ ਨਕੋਦਰ ਇਲਾਕੇ ’ਚ ਚੋਰੀਆਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਲਖਵਿੰਦਰ ਸਿੰਘ ਮੱਲ ਨੇ ਦੱਸਿਆ ਕਿ ਥਾਣਾ ਸਿਟੀ ਨਕੋਦਰ ਦੇ ਐੱਸਐੱਚਓ ਸਬ ਇੰਸਪੈਕਟਰ ਕਿਰਪਾਲ ਸਿੰਘ ਨੇ ਤਿੰਨ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਪਿੰਦਰਜੀਤ ਸਿੰਘ ਉਰਫ ਭਿੰਦਾ ਤੇ ਹਿਮਾਂਸ਼ੂ ਉਰਫ ਹਨੀ ਦੋਵੇਂ ਵਾਸੀ ਮੀਰਾਂਪੁਰ ਗੇਟ ਨਕੋਦਰ ਅਤੇ ਦੀਪਕ ਉਰਫ ਦੀਪੂ ਵਾਸੀ ਜੈਨ ਕਲੋਨੀ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸਿਟੀ ਥਾਣੇ ਵਿਚ 11 ਅਪਰੈਲ ਨੂੰ ਆਈਪੀਸੀ ਦੀਆਂ ਧਾਰਾਵਾਂ 454 ਤੇ 380 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਨਕੋਦਰ ਦੇ ਮੁਹੱਲਾ ਪ੍ਰੀਤ ਨਗਰ ਵਾਸੀ ਕਮਲ ਕਿਸ਼ੋਰ ਨੇ ਪੁਲੀਸ ਕੋਲ ਰਿਪੋਰਟ ਲਿਖਵਾਈ ਸੀ ਕਿ ਉਹ ਪਰਿਵਾਰ ਸਮੇਤ 7 ਅਪਰੈਲ ਨੂੰ ਸਿਰੜੀ ਸਾਈਂ ਬਾਬਾ ਦੇ ਮੰਦਰ ਮਹਾਰਾਸ਼ਟਰ ਵਿੱਚ ਮੱਥਾ ਟੇਕਣ ਗਏ ਸਨ। ਜਦੋਂ 10 ਅਪਰੈਲ ਨੂੰ ਘਰ ਆਏ ਤਾਂ ਦੇਖਿਆ ਕਿ ਘਰ ਦੇ ਮੇਨ ਦਰਵਾਜ਼ੇ ਦਾ ਤਾਲਾ ਟੁੱਟਾ ਹੋਇਆ ਸੀ ਤੇ ਅਲਮਾਰੀਆਂ ਦੇ ਵੀ ਤਾਲੇ ਟੁੱਟੇ ਹੋਏ ਸਨ।
ਘਰ ਵਿੱਚੋਂ ਸੋਨੇ ਦੇ ਗਹਿਣੇ ਤੇ 80 ਹਜ਼ਾਰ ਨਗਦੀ, ਏਟੀਐੱਮ ਕਾਰਡ ਤੇ ਹੋਰ ਸਮਾਨ ਗਾਇਬ ਸੀ। ਉਨ੍ਹਾਂ ਦੱਸਿਆ ਕਿ ਫੜੇ ਗਏ ਚੋਰਾਂ ਕੋਲੋਂ 4 ਹਜ਼ਾਰ ਦੀ ਨਗਦੀ, ਇਕ ਲੋਹੇ ਦੀ ਸੱਬਲ ਤੇ ਪੇਚਕਸ ਬਰਾਮਦ ਹੋਇਆ ਹੈ। ਡੀਐੱਸਪੀ ਲਖਵਿੰਦਰ ਸਿੰਘ ਮੱਲ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।