ਜਸਬੀਰ ਸਿੰਘ ਚਾਨਾ
ਫਗਵਾੜਾ, 8 ਫਰਵਰੀ
ਪਿੰਡ ਮਹੇੜੂ ਵਿੱਚ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਗਏ ਨਵ-ਵਿਆਹੇ ਪਰਵਾਸੀ ਭਾਰਤੀ ਜੋੜੇ ਨੂੰ ਪਿਸਤੌਲ ਦਿਖਾ ਕੇ ਲੁੱਟਣ ਦੇ ਸਬੰਧ ਵਿੱਚ ਪੁਲੀਸ ਨੇ ਇੱਕ ਮਹਿਲਾ ਤੇ ਪੰਜ ਵਿਅਕਤੀਆਂ ਨੂੰ ਕੇਸ ’ਚ ਨਾਮਜ਼ਦ ਕਰਕੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਕੋਲੋਂ 36 ਤੋਲੇ ਸੋਨਾ, ਇੱਕ ਮੋਬਾਈਲ ਫ਼ੋਨ ਤੇ ਖਿਡੌਣਾ ਪਿਸਤੌਲ ਬਰਾਮਦ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਐੱਸਪੀ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਹਰਵਿੰਦਰ ਸੰਧੂ ਪੁੱਤਰ ਕਰਨੈਲ ਸਿੰਘ ਵਾਸੀ ਕਾਕੜ ਕਲਾਂ ਜੋ ਅਮਰੀਕਾ ਤੋਂ ਇਥੇ ਆਇਆ ਸੀ ਤੇ ਉਸਦੀ ਇਥੇ ਸ਼ਾਦੀ ਹੋਈ ਸੀ। 10 ਜਨਵਰੀ 2022 ਨੂੰ ਜਦੋਂ ਉਹ ਆਪਣੀ ਭੂਆ ਕਮਲਜੀਤ ਕੌਰ ਨੂੰ ਮਿਲਣ ਲਈ ਆਇਆ ਤਾਂ ਰਸਤੇ ’ਚ ਉਸਦੀ ਭੂਆ ਕਮਲਜੀਤ ਕੌਰ ਦਾ ਖੂਹ ਆਉਂਦਾ ਹੈ ਜਿਥੇ ਸ਼ਹੀਦਾਂ ਦੀ ਜਗ੍ਹਾ ਹੈ, ਇਥੇ ਉਹ ਮੱਥਾ ਟੇਕਣ ਲਈ ਰੁਕ ਗਏ। ਜਦੋਂ ਉਸਦੀ ਭੂਆ ਤੇ ਘਰਵਾਲੀ ਮੱਥਾ ਟੇਕਣ ਲਈ ਅੰਦਰ ਚੱਲੇ ਗਏ ਤਾਂ ਇੰਨੇ ਨੂੰ ਦੋ ਮੋਟਰਸਾਈਕਲਾਂ ’ਤੇ ਸਵਾਰ ਛੇ ਨੌਜਵਾਨ ਆਏ ਜਿਨ੍ਹਾਂ ਕੋਲ ਦਾਤਰ ਤੇ ਗੰਡਾਸੀਆਂ ਸਨ। ਉਨ੍ਹਾਂ ਆਉਂਦੇ ਸਾਰ ਪਿਸਤੌਲ ਦਿਖਾ ਕੇ ਹਰਵਿੰਦਰ ਸੰਧੂ ਦੇ ਗੱਲੇ ’ਚ ਪਾਈਆਂ ਸੋਨੇ ਦੀਆਂ ਚੇਨਾਂ ਖਿੱਚ ਲਈਆਂ ਤੇ ਬਾਅਦ ’ਚ ਉਸਦੇ ਹੋਰ ਗਹਿਣੇ ਵੀ ਉਤਾਰ ਲਏ। ਇਸ ਤੋਂ ਬਾਅਦ ਉਸ ਨੂੰ ਖੂਹ ਵਾਲੀ ਜਗ੍ਹਾ ’ਤੇ ਲੈ ਗਏ ਜਿਥੇ ਉਸਦੀ ਪਤਨੀ ਸੁਰਿੰਦਰ ਕੌਰ ਤੇ ਭੂਆ ਦੇ ਪਾਏ ਗਹਿਣੇ ਵੀ ਉਤਾਰ ਕੇ ਲੈ ਗਏ। ਇਸ ਸਬੰਧੀ ਪੁਲੀਸ ਨੇ ਧਾਰਾ 395, 342, 201, 120-ਬੀ ਆਈਪੀਸੀ, 25-27-54-59 ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਥਾਣਾ ਸਤਨਾਮਪੁਰਾ ਦੇ ਐੱਸਐੱਚਓ ਹਰਜੀਤ ਸਿੰਘ ਤੇ ਚਹੇੜੂ ਚੌਕੀ ਇੰਚਾਰਜ ਬਲਬੀਰ ਸਿੰਘ ਨੇ ਜਦੋਂ ਇਸ ਮਾਮਲੇ ਦੀ ਪੜਤਾਲ ਕੀਤੀ ਤਾਂ ਇਸ ’ਚ ਉਨ੍ਹਾਂ ਦੇ ਪਰਿਵਾਰ ਦੀ ਇੱਕ ਨੂੰਹ ’ਤੇ ਹੀ ਸ਼ੱਕ ਦੀ ਸੂਈ ਚਲੀ ਗਈ ਤੇ ਪੁਲੀਸ ਨੇ ਪ੍ਰਦੀਪ ਕੌਰ ਉਰਫ਼ ਅਮਨ ਨੂੰ 17 ਜਨਵਰੀ ਨੂੰ ਗ੍ਰਿਫ਼ਤਾਰ ਕਰ ਲਿਆ। ਜਿਸ ਤੋਂ ਕੀਤੀ ਪੁੱਛਗਿੱਛ ਦੌਰਾਨ ਇਸ ਔਰਤ ਨੇ ਖੁਲਾਸਾ ਕੀਤਾ ਕਿ ਇਹ ਲੁੱਟ ਉਸਨੇ ਹੀ ਆਪਣੇ ਸੰਪਰਕ ਵਾਲੇ ਵਿਅਕਤੀਆਂ ਨਾਲ ਮਿਲ ਕੇ ਕਰਵਾਈ ਹੈ।
ਐੱਸਪੀ ਨੇ ਦੱਸਿਆ ਕਿ ਇਸ ਮਹਿਲਾ ਨੂੰ ਇਨ੍ਹਾਂ ਦੇ ਆਉਣ ਬਾਰੇ ਪੂਰੀ ਜਾਣਕਾਰੀ ਸੀ ਤੇ ਉਸਨੇ ਕੁਲਜੀਤ ਸਿੰਘ ਉਰਫ਼ ਕਾਲੀ ਨੂੰ ਸਾਰੀ ਜਾਣਕਾਰੀ ਦਿੱਤੀ ਸੀ ਤੇ ਕਾਲੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇਸ ਧਾਰਮਿਕ ਸਥਾਨ ’ਤੇ ਪੁੱਜਿਆ ਤੇ ਪਰਵਾਸੀ ਭਾਰਤੀ ਨੂੰ ਪਿਸਤੌਲ ਦਿਖਾ ਕੇ ਲੁੱਟ ਲਿਆ।
ਪੁਲੀਸ ਨੇ ਕੀਤੀ ਜਾਂਚ ਮਗਰੋਂ ਕੁਲਵਿੰਦਰ ਸਿੰਘ ਉਰਫ਼ ਕਾਲੀ ਪੁੱਤਰ ਖੁਸ਼ਹਾਲ ਸਿੰਘ ਵਾਸੀ ਭੌਡੇ ਥਾਣਾ ਬਿਲਗਾ ਜਲੰਧਰ, ਸੁਖਵਿੰਦਰ ਸਿੰਘ ਉਰਫ਼ ਕਿੰਦੀ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਭੋਡ, ਸਿੰਦਰਪਾਲ ਸਿੰਘ ਉਰਫ਼ ਮੇਜਰ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਭੋਡ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂਕਿ ਮਨਪ੍ਰੀਤ ਸਿੰਘ ਉਰਫ਼ ਬੱਬੂ, ਮਨੀ ਪੁੱਤਰ ਲੇਟ ਬਿੰਦਰ ਅਜੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਐੱਸਪੀ ਨੇ ਦੱਸਿਆ ਕਿ ਪੁਲੀਸ ਨੇ ਇਨ੍ਹਾਂ ਪਾਸੋਂ ਇੱਕ ਚੇਨ (20 ਤੋਲੇ), ਤਿੰਨ ਚੂੜੀਆਂ ਸੋਨਾ (ਸਾਢੇ ਸੱਤ ਤੋਲੇ), ਚੇਨੀ ਸੋਨਾ (3 ਤੋਲੇ), ਦੋ ਰਿੰਗਾਂ, ਇੱਕ ਮੁੰਦਰੀ, ਕੰਗਣ (ਢਾਈ ਤੋਲੇ), ਇੱਕ ਨੈਕਲਸ (3 ਤੋਲੇ), ਇੱਕ ਕਿੱਟੀ ਸੈੱਟ, ਇੱਕ ਆਈ-ਫ਼ੋਨ ਤੇ ਖਿਡਾਉਣਾ ਪਿਸਤੌਲ ਤੇ ਲੁੱਟਣ ਵਰਤੇ ਗੰਡਾਸੇ ਵੀ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਕੇ ਇੱਕ ਰੋਜ਼ਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ ਤੇ ਪੁੱਛਗਿੱਛ ਜਾਰੀ ਹੈ। ਐੱਸਐੱਚਓ ਹਰਜੀਤ ਸਿੰਘ ਨੇ ਦੱਸਿਆ ਕਿ ਫ਼ਰਾਰ ਹੋਏ ਵਿਅਕਤੀਆਂ ਦੀ ਭਾਲ ਲਈ ਵੀ ਪੁਲੀਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।