ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 15 ਸਤੰਬਰ
ਸੁਭਾਨਪੁਰ ਕੋਲ 2016 ਵਿੱਚ ਨਾਕੇਬੰਦੀ ਦੌਰਾਨ ਨਾਕਾ ਤੋੜ ਕੇ ਭੱਜ ਰਹੇ ਤਿੰਨ ਗੈਂਗਸਟਰਾਂ ਵੱਲੋਂ ਨਾਕੇ ’ਤੇ ਤਾਇਨਾਤ ਏਐੱਸਆਈ ਸੁਰਿੰਦਰ ਸਿੰਘ ਨੂੰ ਗੱਡੀ ਹੇਠ ਦਰੜ ਕੇ ਮਾਰਨ ਦੇ ਮਾਮਲੇ ’ਚ ਅੱਜ ਸੈਸ਼ਨ ਕੋਰਟ ਕਪੂਰਥਲਾ ਨੇ ਤਿੰਨਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 14 ਮਈ 2016 ਨੂੰ ਤਤਕਾਲੀਨ ਐਸਐੱਚਓ ਸੁਭਾਨਪੁਰ ਸੁਖਪਾਲ ਸਿੰਘ ਨੂੰ ਚੌਕੀ ਨਡਾਲਾ ਇੰਚਾਰਜ ਏਐੱਸਆਈ ਦਵਿੰਦਰ ਪਾਲ ਸਿੰਘ ਨੇ ਸੂਚਨਾ ਦਿੱਤੀ ਕਿ ਇਕ ਸਫੈਦ ਰੰਗ ਦੀ ਕਾਰ ’ਚ ਸਵਾਰ ਤਿੰਨ ਨੌਜਵਾਨ ਗੰਨ ਪੁਆਇੰਟ ’ਤੇ ਦੋ ਔਰਤਾਂ ਕੋਲੋਂ ਮੋਬਾਈਲ ਫੋਨ, ਟੌਪਸ ਤੇ ਹੋਰ ਸਾਮਾਨ ਲੁੱਟ ਕੇ ਭੱਜ ਰਹੇ ਹਨ। ਜਿਨ੍ਹਾਂ ਨੂੰ ਰੋਕਣ ਲਈ ਅੱਡਾ ਸੁਭਾਨਪੁਰ ਨਡਾਲਾ ਰੋਡ ’ਤੇ ਨਾਕੇਬੰਦੀ ਕੀਤੀ ਗਈ। ਇਸ ਦੌਰਾਨ ਲੁੱਟ ਕਰਨ ਵਾਲੀ ਕਾਰ ਆਉਂਦੀ ਦਿੱਸੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰਾਂ ਨੇ ਕਾਰ ਰੋਕਣ ਦੀ ਬਜਾਏ ਦੋ ਪੁਲੀਸ ਕਰਮਚਾਰੀਆਂ ’ਤੇ ਚੜ੍ਹਾ ਦਿੱਤੀ। ਜਿਸ ਵਿੱਚ ਸੁਰਿੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਤੇ ਹਰਪਾਲ ਸਿੰਘ ਜ਼ਖ਼ਮੀ ਹੋ ਗਿਆ। ਕਾਰ ਸਵਾਰ ਪਿੰਡ ਬੂਟਾਂ ਵੱਲ ਭੱਜ ਗਏ।
ਪੁਲੀਸ ਨੇ ਪਿੱਛਾ ਕੀਤਾ ਤਾਂ ਉਨ੍ਹਾਂ ਦੀ ਕਾਰ ਪਿੰਡ ਨੂਰਪੁਰ ਲੁਬਾਣਾ ਕੋਲ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਟਰਾਲੀ ਨਾਲ ਜਾ ਟਕਰਾਈ। ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਤਰਨ ਤਾਰਨ, ਵਿਜੇਪਾਲ ਤੇ ਗੁਰਬਾਜ ਸਿੰਘ ਵਾਸੀ ਖੰਡੂਰ ਸਾਹਿਬ ਤਰਨਤਾਰਨ ਵਜੋਂ ਹੋਈ। ਸਰਕਾਰੀ ਵਕੀਲ ਨੇ ਦੱਸਿਆ ਕਿ ਸੈਸ਼ਨ ਜੱਜ ਅਮਰਿੰਦਰ ਸਿੰਘ ਨੇ ਦੋਵਾਂ ਪੱਖਾਂ ਦੇ ਬਿਆਨ ਤੇ ਵਕੀਲਾਂ ਦੀ ਬਹਿਸ ਤੋਂ ਬਾਅਦ ਕਾਤਲ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ, ਵਿਜੈਪਾਲ ਤੇ ਗੁਰਬਾਜ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।