ਦੀਪਕ ਠਾਕੁਰ
ਤਲਵਾੜਾ, 22 ਅਪਰੈਲ
ਸਥਾਨਕ ਬੀਬੀਐੱਮਬੀ ਪ੍ਰਸ਼ਾਸਨ ਦੇ ਫਾਇਰ ਬ੍ਰਿਗੇਡ ਯੂਨਿਟ ਦੀਆਂ ਉਮਰ ਪੁਗਾ ਚੁੱਕੀਆਂ ਗੱਡੀਆਂ ਕਾਰਨ ਪੌਂਗ ਡੈਮ ਅਤੇ ਮੁਕੇਰੀਆਂ ਹਾਈਡਲ ਪਾਵਰ ਹਾਊਸ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਗਿਆ ਹੈ। ਪ੍ਰਸ਼ਾਸਨ ਕੋਲ ਮੌਜ਼ੂਦ ਤਿੰਨ ਵਿੱਚੋਂ ਦੋ ਫਾਇਰ ਟੈਂਡਰ (ਅੱਗ ਬੁਝਾਊ ਗੱਡੀਆਂ) ਮਾਰਚ 2023 ਤੋਂ ਆਪਣੀ ਉਮਰ ਪੂਰੀ ਕਰ ਚੁੱਕੀਆਂ ਹਨ। ਬੀਬੀਐੱਮਬੀ ਨੇ ਕੇਂਦਰ ਸਰਕਾਰ ਵੱਲੋਂ ਕਾਹਲੀ ’ਚ ਲਾਗੂ ਕੀਤੀ ਸਕਰੈਪ ਪਾਲਿਸੀ ਕਾਰਨ ਮੌਜੂਦਾ ਹਾਲਾਤ ਪੈਦਾ ਹੋਣ ਦੀ ਗੱਲ ਕਹੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਬੀਬੀਐੱਮਬੀ ਪ੍ਰਸ਼ਾਸਨ ਕੋਲ ਪੌਂਗ ਡੈਮ, ਬੀਬੀਐੱਮਬੀ ਕਲੋਨੀ ਤੇ ਨੇੜਲਾ ਖੇਤਰ ਅਤੇ ਮੁਕੇਰੀਆਂ ਹਾਈਡਲ ਦੇ ਪੰਜ ਪਾਵਰ ਹਾਊਸਾਂ ਦੀ ਫਾਇਰ ਸੇਫ਼ਟੀ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਕੋਲ ਅੱਗ ਨਾਲ ਸਬੰਧਤ ਘਟਨਾਵਾਂ ’ਤੇ ਕਾਬੂ ਪਾਉਣ ਲਈ ਤਿੰਨ ਫਾਇਰ ਟੈਂਡਰ ਅਤੇ ਇੱਕ ਛੋਟੀ ਗੱਡੀ ਮੌਜੂਦ ਹੈ। ਦੋ ਫਾਇਰ ਟੈਂਡਰ ਸਾਲ 2006 ਮਾਡਲ ਦੇ ਹਨ, ਜਿਨ੍ਹਾਂ ਦੀ ਉਮਰ ਮਾਰਚ 2023 ਨੂੰ ਪੂਰੀ ਹੋ ਚੁੱਕੀ ਹੈ। ਪੌਂਗ ਡੈਮ ਦੀ ਸੁਰੱਖਿਆ ਲਈ ਡੈਮ ’ਤੇ ਇੱਕ ਫਾਇਰ ਟੈਂਡਰ ਸਥਾਈ ਤੌਰ ’ਤੇ ਤੈਨਾਤ ਰਹਿੰਦਾ ਹੈ, ਜਿਸ ਦੀ ਮਿਆਦ 2030 ਤੱਕ ਹੈ। ਬੀਬੀਐੱਮਬੀ ਕਲੋਨੀ ਸਮੇਤ ਨੇੜਲੇ ਇਲਾਕਿਆਂ ਅਤੇ ਮੁਕੇਰੀਆਂ ਹਾਈਡਲ ਪਾਵਰ ਹਾਊਸਾਂ ਦੀ ਫਾਇਰ ਸੇਫ਼ਟੀ ਲਈ ਪ੍ਰਸ਼ਾਸਨ ਕੋਲ ਫਿਲਹਾਲ ਕੋਈ ਫਾਇਰ ਟੈਂਡਰ ਮੌਜੂਦ ਨਹੀਂ ਹੈ। ਮੁਕੇਰੀਆਂ ਹਾਈਡਲ ਨਹਿਰ ’ਤੇ ਸਥਿਤ ਪੰਜ ਪਾਵਰ ਹਾਊਸਾਂ ਦੀ ਸੁਰੱਖਿਆ ਦਾ ਜ਼ਿੰਮਾ ਵੀ ਬੀਬੀਐੱਮਬੀ ਕੋਲ ਹੈ। ਨਹਿਰੀ ਵਿਭਾਗ ਵੱਲੋਂ ਬਕਾਇਦਾ ਇਸ ਦੀ ਅਦਾਇਗੀ ਬੀਬੀਐੱਮਬੀ ਨੂੰ ਕੀਤੀ ਜਾਂਦੀ ਹੈ ਜੋ ਕਿ ਸਾਲਾਨਾ ਲੱਖਾਂ ਰੁਪਏ ’ਚ ਬਣਦੀ ਹੈ। ਵਿਭਾਗ ਦੇ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪਾਵਰ ਹਾਊਸ ਦੀ ਸੇਫਟੀ ਲਈ ਇਸ ਸਾਲ ਮੁਕੇਰੀਆਂ ਹਾਈਡਲ ਨੇ ਬੀਬੀਐੱਮਬੀ ਨੂੰ 71 ਲੱਖ ਰੁਪਏ ਅਦਾ ਕੀਤੇ ਹਨ, ਪਿਛਲੇ ਸਾਲ ਇਹ ਰਕਮ 68 ਲੱਖ ਅਤੇ ਉਸ ਤੋਂ ਮਗਰਲੇ ਸਾਲ ਇਹ 58 ਲੱਖ ਰੁਪਏ ਸੀ।
ਨਵੇਂ ਫਾਇਰ ਟੈਂਡਰ ਲਈ ਪ੍ਰਕਿਰਿਆ ਜਾਰੀ: ਚੀਫ ਇੰਜਨੀਅਰ
ਬੀਬੀਐੱਮਬੀ (ਬਿਆਸ ਡੈਮ) ਦੇ ਚੀਫ਼ ਇੰਜ ਏਕੇ ਸਿਡਾਨਾ ਨੇ ਕਿਹਾ ਕਿ ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਅਚਾਨਕ ਲਾਗੂ ਕੀਤੀ ਸਕਰੈਪ ਪਾਲਿਸੀ ਕਾਰਨ ਮੌਜੂਦਾ ਸਥਿਤੀ ਪੈਦਾ ਹੋਈ ਹੈ। ਪਿਛਲੇ ਸਾਲ ਫਾਇਰ ਟੈਂਡਰਾਂ ਦੀ ਫਿਟਨੈਸ ਸਬੰਧੀ ਟਰਾਂਸਪੋਰਟ ਵਿਭਾਗ ਨੂੰ ਫੀਸ ਵਗੈਰਾ ਦੇ ਦਿੱਤੀ ਗਈ ਸੀ, ਪਰ ਕੇਂਦਰ ਸਰਕਾਰ ਨੇ ਅਚਾਨਕ ਹੀ ਸਕਰੈਪ ਪਾਲਿਸੀ ਲਾਗੂ ਕਰ ਦਿੱਤੀ। ਜਿਸ ਕਾਰਨ ਦੋਵੇਂ ਫਾਇਰ ਟੈਂਡਰ ਨਵੇਂ ਕਾਨੂੰਨ ਮੁਤਾਬਕ 31 ਮਾਰਚ 2023 ਨੂੰ ਨਕਾਰਾ ਹੋ ਗਏ। ਨਵੇਂ ਫਾਇਰ ਟੈਂਡਰ ਖਰੀਦਣ ਲਈ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਮਸਲੇ ਦਾ ਜਲਦੀ ਹੀ ਹੱਲ ਕੱਢਣ ਦਾ ਭਰੋਸਾ ਦਿੱਤਾ।