ਬਲਵਿੰਦਰ ਸਿੰਘ ਭੰਗੂ
ਭੋਗਪੁਰ, 24 ਅਪਰੈਲ
ਇਥੇ ਜਲੰਧਰ ਦੇ ਨਾਲ ਲੱਗਦੇ ਭੋਗਪੁਰ ਇਲਾਕੇ ’ਚ 11 ਸੌ ਏਕੜ ਕਣਕ ਦਾ ਨਾੜ, ਕਣਕ, ਕਮਾਦ ਅਤੇ ਹੋਰ ਫ਼ਸਲਾਂ ਸੜ ਕੇ ਸਵਾਹ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਲੰਮੇ, ਭਟਨੂਰਾ ਕਲਾਂ ਅਤੇ ਜੈਦ ਤੋਂ ਅੱਗ ਸ਼ੁਰੂ ਹੋਈ ਜੋ ਜ਼ਿਲ੍ਹਾ ਜਲੰਧਰ ਦੇ ਪਿੰਡ ਭਟਨੂਰਾ ਲੂਬਾਣਾ ਅਤੇ ਭਟਨੂਰਾ ਖੁਰਦ, ਸਗਰਾਂਵਾਲੀ ਦੇ ਖੇਤਾਂ ਵਿੱਚ ਕਣਕ ਦਾ ਨਾੜ, ਕਣਕ ਅਤੇ ਖੜ੍ਹਾ ਗੰਨਾ ਸਾੜ ਕੇ ਭੋਗਪੁਰ, ਭੁਲੱਥ ਤੋਂ ਪਿੰਡ ਚਾਹੜਕੇ, ਲੜੋਈ ਅਤੇ ਲੁਹਾਰਾਂ ਦੇ ਖੇਤਾਂ ਵਿੱਚ ਪਹੁੰਚ ਗਈ ਜਿਸ ਨੇ ਖੇਤਾਂ ’ਚ ਖੂਬ ਤਬਾਹੀ ਮਚਾਈ। ਅੱਗ ਦੇ ਭਾਂਬੜ ਅਤੇ ਧੂੰਏਂ ਨੇ ਅਸਮਾਨ ਕਾਲਾ ਕਰ ਦਿੱਤਾ ਅਤੇ ਲੋਕਾਂ ਦਾ ਸਾਹ ਘੁਟਣ ਲੱਗਿਆ।
ਪਿੰਡ ਸਗਰਾਂਵਾਲੀ ਦੇ ਕਿਸਾਨ ਹੈਪੀ ਨੇ ਕਿਹਾ ਕਿ ਉਸ ਦਾ ਤਿੰਨ ਏਕੜ ਦੇ ਕਰੀਬ ਬੀਜ ਲਈ ਰੱਖਿਆ ਖੇਤ ਵਿਚ ਖੜ੍ਹਾ ਗੰਨਾ ਸੜ ਗਿਆ। ਇਸੇ ਪਿੰਡ ਕਿਸਾਨ ਕਾਲੇ ਨੇ ਕਿਹਾ ਕਿ ਉਸ ਦੀ ਢਾਈ ਏਕੜ ਦੇ ਕਰੀਬ ਕਣਕ ਸੜਨ ਕਰਕੇ ਉਹ ਆਰਥਿਕ ਤੌਰ ’ਤੇ ਤਬਾਹ ਹੋ ਗਿਆ ਹੈ। ਪਿੰਡ ਜੈਦ ਦੇ ਨੰਬਰਦਾਰ ਦਵਿੰਦਰ ਸਿੰਘ ਗਿੱਲ ਨੇ ਕਿਹਾ 99 ਪ੍ਰਤੀਸ਼ਤ ਕਣਕਾਂ ਕੰਬਾਈਨਾਂ ਨਾਲ ਕੱਟ ਲਈਆਂ ਗਈਆਂ ਸਨ ਜਿਸ ਕਰਕੇ ਕਿਸਾਨਾਂ ਦਾ ਬਹੁਤਾ ਨੁਕਸਾਨ ਨਹੀਂ ਹੋਇਆ ਪਰ ਕਿਸਾਨਾਂ ਨੇ ਆਪਣੇ ਪਸ਼ੂਆਂ ਲਈ ਚਾਰਾ ਕਣਕ ਦੇ ਨਾੜ ਤੋਂ ਬਣਾਉਣਾ ਹੈ। ਇਸ ਲਈ ਕਿਸਾਨਾਂ ਨੂੰ ਤੂੜੀ ਲਈ ਵੀ ਦੂਰ-ਦੁਰਾਡੇ ਜਾਣਾ ਪਵੇਗਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਈ ਘੰਟੇ ਅੱਗ ਲੱਗਣ ’ਤੇ ਵੀ ਨਾ ਕੋਈ ਸਰਕਾਰੀ ਅਧਿਕਾਰੀ ਮੌਕੇ ’ਤੇ ਪਹੁੰਚਿਆ ਅਤੇ ਨਾ ਹੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਆਇਆ। ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਅੱਗੇ ਤੋਂ ਹਰ ਬਲਾਕ ਵਿਚ ਦੋ ਤੋਂ ਚਾਰ ਫਾਇਰ ਬ੍ਰਿਗੇਡ ਗੱਡੀਆਂ ਦਾ ਪ੍ਰਬੰਧ ਕੀਤਾ ਜਾਵੇ।
ਕੀ ਕਹਿੰਦੇ ਨੇ ਨਾਇਬ ਤਹਿਸੀਲਦਾਰ
ਨਾਇਬ ਤਹਿਸੀਲਦਾਰ ਭੋਗਪੁਰ ਅਮਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਅੱਗ ਜ਼ਿਲ੍ਹਾ ਕਪੂਰਥਲਾ ਦੇ ਪਿੰਡਾਂ ਤੋਂ ਸ਼ੁਰੂ ਹੋਈ ਅਤੇ ਜਲੰਧਰ ਦੇ ਪਿੰਡਾਂ ਵਿੱਚ ਪਹੁੰਚ ਗਈ ਅਤੇ ਇਸ ਸਬੰਧੀ ਕਿਸੇ ਵਿਅਕਤੀ ਨੇ ਕਿਸੇ ਵੀ ਸਰਕਾਰੀ ਅਧਿਕਾਰੀ ਨੂੰ ਸੂਚਿਤ ਨਹੀਂ ਕੀਤਾ। ਜਦੋਂ ਹੀ ਇਸ ਅੱਗ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਉਸੇ ਸਮੇਂ ਪਟਵਾਰੀ ਰਜਿੰਦਰ ਸਿੰਘ ਨੂੰ ਮੌਕੇ ’ਤੇ ਭੇਜਿਆ ਗਿਆ ਅਤੇ ਫਾਇਰ ਬ੍ਰਿਗੇਡ ਵੀ ਮੌਕੇ ’ਤੇ ਪਹੁੰਚਾਉਣ ਦੇ ਹੁਕਮ ਦਿੱਤੇ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉੱਚ ਅਧਿਕਾਰੀ ਜੋ ਦਿਸ਼ਾ ਨਿਰਦੇਸ਼ ਦੇਣਗੇ, ਕਿਸਾਨਾਂ ਦੇ ਨੁਕਸਾਨ ਬਾਰੇ ਕਾਰਵਾਈ ਕੀਤੀ ਜਾਵੇਗੀ।