ਪਾਲ ਸਿੰਘ ਨੌਲੀ
ਜਲੰਧਰ, 4 ਅਪਰੈਲ
ਸਥਾਨਕ ਸਬਜ਼ੀ ਮੰਡੀ ਵਿੱਚ ਫੜ੍ਹੀ ਵਾਲਿਆਂ ਤੋਂ ਕਿਰਾਇਆ ਵਸੂਲਣ ਦਾ ਵਿਰੋਧ ਕਰਦਿਆਂ ਫੜ੍ਹੀ ਵਾਲਿਆਂ ਨੇ ਸਬਜ਼ੀ ਮੰਡੀ ਰੋਸ ਵਜੋਂ ਬੰਦ ਰੱਖੀ ਤੇ ਰੋਸ ਪ੍ਰਦਰਸ਼ਨ ਕਰਦਿਆਂ ਮਾਰਕੀਟ ਕਮੇਟੀ ਵਿਰੁੱਧ ਨਾਅਰੇਬਾਜ਼ੀ ਕੀਤੀ। ਫੜ੍ਹੀ ਵਾਲਿਆਂ ਦਾ ਕਹਿਣਾ ਸੀ ਕਿ ਧੰਦਾ ਪਹਿਲਾਂ ਹੀ ਮੰਦਾ ਚੱਲ ਰਿਹਾ ਹੈ, ਉਹ ਕਿਰਾਇਆ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ 31 ਮਾਰਚ 2022 ਤੱਕ ਫੜ੍ਹੀ ਵਾਲਿਆਂ ਦਾ ਕਿਰਾਇਆ ਮੁਆਫ਼ ਕੀਤਾ ਸੀ। ਫੜ੍ਹੀ ਵਾਲਿਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਤਾਂ ਕਿਰਾਇਆ ਮੁਆਫ ਕਰ ਦਿੱਤਾ ਸੀ ਪਰ ਹੁਣ ਤਾਂ ਆਮ ਆਦਮੀ ਦੀ ਸਰਕਾਰ ਹੈ ।ਫਲ਼ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਨਾਗਰਾ ਅਤੇ ਪਰਵਾਸੀ ਸੈੱਲ ਦੇ ਉਪ ਚੇਅਰਮੈਨ ਰਵੀ ਸ਼ੰਕਰ ਗੁਪਤਾ ਨੇ ਸਾਂਝੇ ਤੌਰ ’ਤੇ ਮੰਡੀ ਵਿੱਚ ਧਰਨਾ ਪ੍ਰਦਰਸ਼ਨ ਕਰਕੇ ਮੰਗ ਹੈ ਕਿ ਕਿਰਾਇਆ ਮੁਆਫ਼ ਕੀਤਾ ਜਾਵੇ।
‘ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲਿਆ ਜਾ ਰਿਹੈ ਕਿਰਾਇਆ’
ਇਸ ਸੰਬੰਧੀ ਮੰਡੀ ਅਫ਼ਸਰ ਮੁਕੇਸ਼ ਭੱਟ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਰਾਇਆ ਲਿਆ ਜਾ ਰਿਹਾ ਹੈ। ਰੋਸ ਪ੍ਰਦਰਸ਼ਨ ਕਾਰਨ ਮੰਡੀ ਦੇ ਗੇਟ ਬੰਦ ਰਹੇ ਤੇ ਸਰਕਾਰ ਨੂੰ ਮਾਰਕੀਟ ਫੀਸ ਦੀ ਵਾਸੂਲੀ ਨਹੀਂ ਹੋ ਸਕੀ। ਮਸਲਾ ਹੱਲ ਕਰਨ ਲਈ 5 ਅਪਰੈਲ ਨੂੰ ਮੀਟਿੰਗ ਰੱਖੀ ਗਈ ਹੈ।