ਪੱਤਰ ਪ੍ਰੇਰਕ
ਸ਼ਾਹਕੋਟ, 26 ਅਪਰੈਲ
ਵੀ.ਡੀ.ਓ (ਗ੍ਰਾਮ ਸੇਵਕ) ਪ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਕੰਮ ਕਰ ਰਹੀ ਗ੍ਰਾਮ ਪੰਚਾਇਤ ਤਲਵੰਡੀ ਸੰਘੇੜਾ ਨੇ ਤੀਜੀ ਵਾਰ ਕੇਂਦਰੀ ਸਰਕਾਰ ਵੱਲੋਂ ਦਿੱਤਾ ਜਾਂਦਾ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਹਾਸਲ ਕੀਤਾ ਹੈ। ਉਕਤ ਪੰਚਾਇਤ ਨੇ ਪਹਿਲੀ ਵਾਰ 2015 ਵਿਚ ਰਾਜੀਵ ਗਾਂਧੀ ਪੰਚਾਇਤ ਸਸ਼ਕਤੀਕਰਨ, 2016 ਵਿਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਦਿੱਤਾ ਜਾਂਦਾ ਪੁਰਸਕਾਰ ਅਤੇ ਇਸ ਵਾਰ ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਹਾਸਲ ਕੀਤਾ ਹੈ। ਪੰਚਾਇਤ ਨੇ ਇਹ ਪੁਰਸਕਾਰ ਸੋਮਵਾਰ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੋਲੋਂ ਪ੍ਰਾਪਤ ਕੀਤਾ। ਵੀ.ਡੀ.ਓ ਪ੍ਰਿਤਪਾਲ ਸਿੰਘ ਅਤੇ ਸਰਪੰਚ ਆਤਮਾ ਸਿੰਘ ਨੇ ਦੱਸਿਆ ਕਿ ਪੁਰਸਕਾਰ ਵਿਚ 8 ਲੱਖ ਰੁਪਏ ਦੀ ਰਾਸ਼ੀ ਅਤੇ ਇਕ ਟਰਾਫੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿਚ ਕੀਤੇ ਵਿਕਾਸ, ਪੰਚਾਇਤ ਅਤੇ ਗ੍ਰਾਮ ਸਭਾ ਦੇ ਕੀਤੇ ਇਜਲਾਸਾਂ ਦਾ ਰਿਕਾਰਡ ਸੁਚੱਜੇ ਢੰਗ ਨਾਲ ਰੱਖੇ ਜਾਣ ਕਾਰਨ ਸਖਤ ਮਾਪਦੰਡਾਂ ਵਿਚੋਂ ਲੰਘ ਕੇ ਇਹ ਪੁਰਸਕਾਰ ਜਿੱਤਣ ਵਿਚ ਕਾਮਯਾਬੀ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿਚ ਚੰਗੀ ਕਾਰਗੁਜ਼ਾਰੀ ਕਰਨ ਵਾਲੀਆਂ ਪੰਚਾਇਤਾਂ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਰਾਸ਼ਟਰੀ ਪੱਧਰ ’ਤੇ ਦਿੱਲੀ ਵਿਚ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਜਾਣਾ ਸੀ ਪਰ ਕਰੋਨਾ ਕਾਰਨ ਕੇਂਦਰ ਸਰਕਾਰ ਵੱਲੋਂ ਪੁਰਸਕਾਰ ਦੇਣ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਲਗਾਏ ਜਾਣ ਕਾਰਣ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੋਲੋਂ ਉਨ੍ਹਾਂ ਨੇ ਪੁਰਸਕਾਰ ਪ੍ਰਾਪਤ ਕੀਤਾ ਹੈ।