ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 11 ਸਤੰਬਰ
ਗੜ੍ਹਸ਼ੰਕਰ-ਨਵਾਂਸ਼ਹਿਰ ਮੁੱਖ ਮਾਰਗ ’ਤੇ ਪਿੰਡ ਬਕਾਪੁਰ ਗੁਰੂ ਵਿਚ ਚੋਰਾਂ ਨੇ ਏਟੀਐਮ ਮਸ਼ੀਨ ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ। ਸਫਲਤਾ ਨਾ ਮਿਲਣ ਕਾਰਨ ਚੋਰ ਜਾਂਦੇ-ਜਾਂਦੇ ਬੈਟਰੀਆਂ ਚੋਰੀ ਕਰਕੇ ਲੈ ਗਏ। ਜਾਣਕਾਰੀ ਅਨੁਸਾਰ ਪਿੰਡ ਬਕਾਪੁਰ ਗੁਰੂ ਵਿਖੇ ਨਵਾਂਸ਼ਹਿਰ ਮੁੱਖ ਮਾਰਗ ’ਤੇ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਦੇ ਨਾਲ ਏਟੀਐਮ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਪਰ ਪੈਸੇ ਚੋਰੀ ਹੋਣ ਦਾ ਬਚਾਅ ਹੋ ਗਿਆ। ਉਨ੍ਹਾਂ ਮਸ਼ੀਨ ਕਾਫੀ ਪੁੱਟ ਲਈ ਪਰ ਲੈ ਕੇ ਨਾ ਜਾ ਸਕੇ। ਸੂਚਨਾ ਮਿਲਦਿਆਂ ਹੀ ਥਾਣਾ ਮੁੱਖ ਅਫਸਰ ਇਕਬਾਲ ਸਿੰਘ ਪੁਲੀਸ ਪਾਰਟੀ ਸਮੇਤ ਪਹੁੰਚੇ ਤੇ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਫਿੰਗਰ ਪ੍ਰਿੰਟ ਮਾਹਿਰ ਤੇ ਡੌਗ ਸਕੁਐਡ ਵੀ ਬੁਲਾਏ ਗਏ ਹਨ। ਇਸ ਮੌਕੇ ਬੈਂਕ ਮੈਨੇਜਰ ਤੇ ਹੋਰ ਸਟਾਫ ਮੈਂਬਰ ਅਤੇ ਮੋਹਤਬਰ ਹਾਜ਼ਰ ਸਨ।