ਜਗਜੀਤ ਸਿੰਘ/ਦੀਪਕ ਠਾਕੁਰ
ਮੁਕੇਰੀਆਂ/ਤਲਵਾੜਾ, 29 ਜੁਲਾਈ
ਇੱਥੇ ਕਰੀਬ ਸਾਢੇ 8 ਕਿਲੋਮੀਟਰ ਲੰਬੇ ਸ਼ਾਹ ਨਹਿਰ ਦੇ ਫੀਡਰ ਨੰਬਰ 1 ਵਿੱਚ ਪਿੰਡ ਭੱਲੋਵਾਲ ਕੋਲ ਕਰੀਬ 180 ਫੁੱਟ ਚੌੜਾ ਪਾੜ ਪੈ ਜਾਣ ਕਾਰਨ ਕਿਸਾਨਾਂ ਦੀਆਂ ਫਸਲਾਂ ਵਿੱਚ ਪਾਣੀ ਭਰ ਗਿਆ ਹੈ। ਨਹਿਰ ਵਿੱਚ ਪਏ ਪਾੜ ਕਾਰਨ ਇਲਾਕੇ ਦੇ ਕਰੀਬ 150 ਪਿੰਡਾਂ ਦੀ ਕਰੀਬ 5500 ਏਕੜ ਜ਼ਮੀਨ ਸਿੰਚਾਈ ਤੋਂ ਸੱਖਣੀ ਹੋ ਗਈ ਹੈ। ਨਹਿਰ ਟੁੱਟਣ ਦਾ ਕਾਰਨ ਕਿਸਾਨਾਂ ਵਲੋਂ ਵਿਭਾਗੀ ਅਧਿਕਾਰੀਆਂ ਦੀ ਲਾਪ੍ਰਵਾਹੀ ਤੇ ਨਹਿਰ ਦੇ ਨਾਲ ਹੋਈ ਨਜਾਇਜ਼ ਮਾਈਨਿੰਗ ਦੱਸਿਆ ਜਾ ਰਿਹਾ ਹੈ। ਜਦੋਂ ਕਿ ਵਿਭਾਗੀ ਅਧਿਕਾਰੀਆਂ ਨੇ ਪਾੜ ਦਾ ਕਾਰਨ ਨਹਿਰ ਦੇ ਬੈਡ ’ਤੇ ਲੱਗੇ ਭਾਰੀ ਦਰੱਖਤ ਕਾਰਨ ਨਹਿਰ ਦਾ ਕਮਜ਼ੋਰ ਹੋਣਾ ਦੱਸਿਆ ਹੈ।
ਅੱਜ ਬਾਅਦ ਦੁਪਹਿਰ ਕਰੀਬ ਡੇਢ ਵਜੇ ਸ਼ਾਹ ਨਹਿਰ ਦੇ ਫੀਡਰ ਨੰਬਰ 1 ਵਿੱਚ ਕਰੀਬ 180 ਫੁੱਟ ਚੌੜਾ ਪਾੜ ਪੈ ਜਾਣ ਕਾਰਨ ਗੰਨੇ ਤੇ ਝੋਨੇ ਦੀ ਫਸਲ ਵਿੱਚ ਪਾਣੀ ਭਰ ਗਿਆ। ਸਰਕਾਰੀ ਸਿੰਜਾਈ ਟਿਊਬਵੈਲ ਦੀ ਪਾਈਪ ਲਾਈਨ ਵੀ ਉੱਖੜ ਗਈ। ਪਾੜ ਕਾਰਨ ਪਹਿਲਾਂ ਹੀ ਸਿੰਜਾਈ ਸਾਧਨਾਂ ਦੀ ਘਾਟ ਨਾਲ ਜੂਝਦੇ ਕੰਢੀ ਦੇ ਕਰੀਬ 150 ਪਿੰਡ ਦੀ 5500 ਏਕੜ ਤੋਂ ਵੱਧ ਜ਼ਮੀਨ ਪਾਣੀ ਤੋਂ ਬਾਂਝੀ ਹੋ ਗਈ ਹੈ ਅਤੇ ਆਉਂਦੇ ਦਿਨਾਂ ਅੰਦਰ ਝੋਨੇ ਦੀ ਫਸਲ ਨੂੰ ਭਿਆਨਕ ਸੋਕੇ ਦੇ ਸਾਹਮਣਾ ਕਰਨਾ ਪੈ ਸਕਦਾ ਹੈ।ਕਿਸਾਨ ਸਭਾ ਦੇ ਜੁਆਇੰਟ ਸਕੱਤਰ ਆਸ਼ਾ ਨੰਦ ਨੇ ਕਿਹਾ ਕਿ ਨਹਿਰ ਵਿੱਚ ਪਾੜ ਦਾ ਕਾਰਨ ਬਣੀ ਨਹਿਰ ਦੇ ਆਸ ਪਾਸ ਪਿਛਲੇ ਸਮੇਂ ਅੰਦਰ ਹੋਈ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਨਹਿਰੀ ਵਿਭਾਗ ਤੇ ਪ੍ਰਸਾ਼ਸ਼ਨਿਕ ਅਧਿਕਾਰੀਆਂ ਕਦੇ ਕੋਈ ਧਿਆਨ ਨਹੀਂ ਦਿੱਤਾ। ਪਾੜ ਵਾਲੀ ਥਾਂ ਹੋਈ ਨਜਾਇਜ਼ ਮਾਈਨਿੰਗ ਕਾਰਨ ਜ਼ਮੀਨ ਨਹਿਰ ਦੇ ਬੈੱਡ ਤੋਂ ਕਰੀਬ 30 ਨੀਵੀਂ ਹੋ ਚੁੱਕੀ ਹੈ। ਨਹਿਰ ਦਾ ਬੈਡ ਲੋੜੀਂਦੀ ਚੌੜਾਈ ਦਾ ਨਾ ਹੋਣ ਅਤੇ ਨਹਿਰ ਦੀ ਮੁਰੰਮਤ ਜਾਂ ਸਫਾਈ ਲਈ ਆਏ ਫੰਡਾਂ ਵਿੱਚ ਵੀ ਲੰਬੇ ਸਮੇਂ ਤੋਂ ਭ੍ਰਿਸ਼ਟਾਚਾਰ ਹੋਣ ਕਾਰਨ ਨਹਿਰਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ।
ਦਰੱਖਤਾਂ ਨਾਲ ਨਹਿਰ ਕਮਜ਼ੋਰ ਹੋਈ: ਐਸਡੀਓ
ਮੁਕੇਰੀਆਂ (ਪੱਤਰ ਪ੍ਰੇਰਕ): ਨਹਿਰੀ ਵਿਭਾਗ ਵਿਨੈ ਕੁਮਾਰ ਨੇ ਕਿਹਾ ਕਿ ਨਹਿਰ ‘ਤੇ ਉੱਗੇ ਦਰੱਖਤਾਂ ਕਾਰਨ ਨਹਿਰ ਕਮਜ਼ੋਰ ਹੋ ਚੁੱਕੀ ਹੈ ਅਤੇ ਹਲਕੀ ਹਨੇਰੀ ਨਾਲ ਹੀ ਨਹਿਰ ’ਚ ਦਰਾਰਾਂ ਪੈ ਜਾਂਦੀਆਂ ਹਨ। ਪਾੜ ਵਾਲੀ ਜਗ੍ਹਾ ਕਰਵ ਹੋਣ ਕਰਕੇ ਪਾਣੀ ਦਾ ਦਬਾਅ ਵਧ ਜਾਣ ਕਰਕੇ ਅਜਿਹਾ ਹੋਇਆ ਹੈ। ਸਾਂਭ ਸੰਭਾਲ ਲਈ ਤਾਇਨਾਤ 12 ਜੇਈਜ਼ ਦੀਆਂ ਸਾਰੀਆਂ ਅਸਾਮੀਆਂ ਖਾਲੀ ਹੋਣ ਸਮੇਤ ਸਟਾਫ ਦੀ ਵੀ ਵੱਡੀ ਘਾਟ ਹੈ।