ਪੱਤਰ ਪ੍ਰੇਰਕ
ਫਗਵਾੜਾ, 22 ਸਤੰਬਰ
ਫਗਵਾੜਾ ਸ਼ਹਿਰ ’ਚ ਵੱਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਰੋਕਣ ਲਈ ਅੱਜ ਸਕੂਟਰ ਐਸੋਸੀਏਸ਼ਨ, ਕਰਿਆਨਾ ਐਸੋਸੀਏਸ਼ਨ ਤੇ ਮੈਡੀਕਲ ਐਸੋਸੀਏਸ਼ਨ ਦਾ ਵਫ਼ਦ ਐੱਸ.ਪੀ. ਫਗਵਾੜਾ ਸਰਬਜੀਤ ਸਿੰਘ ਵਾਹੀਆ ਨੂੰ ਮਿਲਿਆ ਤੇ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਫਗਵਾੜਾ ਸ਼ਹਿਰ ’ਚ ਦੁਕਾਨਦਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਗੱਲਬਾਤ ਕਰਦਿਆਂ ਰਾਕੇਸ਼ ਅਗਰਵਾਲ, ਰਸ਼ਪਾਲ ਬਾਵਾ, ਸੋਮ ਪ੍ਰਕਾਸ਼, ਪੰਕਜ ਲਾਂਬਾ, ਅਸ਼ੋਕ ਓਬਰਾਏ, ਹਰਿੰਦਰ ਕੌਰ ਸੇਠੀ, ਵਿਮਲ ਕੁਮਾਰ ਬੱਬੀ, ਸੋਢੀ ਡੈਂਟਰ, ਵੀ.ਪੀ.ਅਰੋੜਾ, ਸਰਬਰ ਗੁਲਾਮ ਸੱਬਾ, ਕਸ਼ਮੀਰ ਲਾਲ, ਬਿੱਟੂ, ਸੰਦੀਪ ਸਿੰਘ ਆਦਿ ਨੇ ਕਿਹਾ ਕਿ ਆਏ ਦਿਨ ਫਗਵਾੜਾ ਦੇ ਕਈ ਬਾਜ਼ਾਰਾਂ ’ਚ ਦੁਕਾਨਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਮੰਗ ਕੀਤੀ ਸਾਰੇ ਹੀ ਬਾਜ਼ਾਰਾਂ ਦੀਆਂ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਨੂੰ ਬੁਲਾ ਕੇ ਮੀਟਿੰਗ ਕੀਤੀ ਜਾਵੇ ਜਿਸ ’ਚ ਉਨ੍ਹਾਂ ਤੋਂ ਇਹ ਯਕੀਨੀ ਬਣਾਇਆ ਜਾਵੇ ਕਿ ਉਨ੍ਹਾਂ ਨੇ ਚੌਕੀਦਾਰ ਰੱਖੇ ਹੋਏ ਹਨ ਜਾਂ ਨਹੀਂ ਤੇ ਇਸ ਨੂੰ ਰੱਖਣਾ ਯਕੀਨੀ ਬਣਾਇਆ ਜਾਵੇ। ਜੇਕਰ ਸਾਰੇ ਬਾਜ਼ਾਰ ’ਚ ਚੌਂਕੀਦਾਰ ਹਨ ਤਾਂ ਉਨ੍ਹਾਂ ਦਾ ਸਮਾਂ ਮੁਕੱਰਰ ਕੀਤਾ ਜਾਵੇ। ਪੁਲੀਸ ਦੀ ਗਸ਼ਤ ਵਧਾਈ ਜਾਵੇ। ਐੱਸ.ਪੀ ਵਾਹੀਆ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਪੁਲੀਸ ਉਨ੍ਹਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਜਿਨ੍ਹਾਂ ਵਿਅਕਤੀਆਂ ਨੇ ਸ਼ਹਿਰ ’ਚ ਘਟਨਾ ਨੂੰ ਅੰਜਾਮ ਦਿੱਤਾ ਹੈ ਉਸ ਸਬੰਧੀ ਪੁਲੀਸ ਟੀਮ ਗਠਿਤ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।