ਪੱਤਰ ਪ੍ਰੇਰਕ
ਸ਼ਾਹਕੋਟ, 7 ਮਾਰਚ
ਇੱਥੇ ਅੱਜ ਕਰੰਟ ਲੱਗਣ ਕਾਰਨ ਇਕ ਨੌਜਵਾਨ ਬੁਰੀ ਤਰ੍ਹਾਂ ਝੁਲਸਿਆ ਗਿਆ ਜੋ ਇਸ ਵੇਲੇ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਬਲਜੀਤ ਸਿੰਘ (35) ਪੁੱਤਰ ਨਿਰਮਲ ਸਿੰਘ ਵਾਸੀ ਆਜ਼ਾਦ ਨਗਰ, ਸ਼ਾਹਕੋਟ ਇਕ ਦੁਕਾਨ ਅੱਗੇ ਲੋਹੇ ਦੀਆਂ ਚਾਦਰਾਂ ਦਾ ਸ਼ੈੱਡ ਪਾ ਰਿਹਾ ਸੀ। ਦੁਕਾਨ ਨੇੜਿਓਂ ਲੰਘਦੀਆਂ ਹਾਈ ਵੋਲਟੇਜ ਵਾਲੀਆਂ ਬਿਜਲੀ ਦੀਆਂ ਤਾਰਾਂ ਨਾਲ ਅਚਾਨਕ ਲੋਹੇ ਦੀ ਚਾਦਰ ਟਕਰਾ ਗਈ ਜਿਸ ਨਾਲ ਉਸ ਨੂੰ ਕਰੰਟ ਲੱਗ ਗਿਆ। ਕਰੰਟ ਲੱਗਣ ਨਾਲ ਗੰਭੀਰ ਜ਼ਖ਼ਮੀ ਹੋਏ ਉਕਤ ਨੌਜਵਾਨ ਨੂੰ ਤੁਰੰਤ ਸ਼ਾਹਕੋਟ ਦੇ ਨਿੱਜੀ ਹਸਪਤਾਲ ਲਿਜਾਂਦਾ ਗਿਆ। ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ।