ਪੱਤਰ ਪ੍ਰੇਰਕ
ਦਸੂਹਾ, 26 ਅਕਤੂਬਰ
ਇਥੇ ਨੇੜਲੇ ਕਸਬਾ ਘੋਗਰਾ ਦੇ ਪਿੰਡ ਕੱਤੇਵਾਲ ਦੇ ਨੌਜਵਾਨ ਦੀ ਭੇਤ-ਭਰੀ ਹਾਲਾਤ ਵਿੱਚ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਨੀਲ ਕੁਮਾਰ ਪੁੱਤਰ ਸੰਤੋਖ ਦਾਸ ਵਾਸੀ ਪਿੰਡ ਕੱਤੇਵਾਲ ਥਾਣਾ ਦਸੂਹਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸੁਨੀਲ ਕੁਮਾਰ ਮੁਕੇਰੀਆਂ ਆਪਣੇ ਰਿਸ਼ਤੇਦਾਰਾਂ ਕੋਲ ਗਿਆ ਹੋਇਆ ਸੀ ਅਤੇ ਸ਼ਾਮ ਨੂੰ ਮੋਟਰਸਾਈਕਲ ’ਤੇ ਘਰ ਵਾਪਸ ਪਰਤਣ ਦੌਰਾਨ ਉਹ ਆਪਣੀ ਮਾਂ ਨਾਲ ਮੋਬਾਈਲ ਫੋਨ ’ਤੇ ਗੱਲ ਰਿਹਾ ਸੀ ਤਾਂ ਅਚਾਨਕ ਫੋਨ ਕੱਟਿਆ ਗਿਆ। ਜਦੋਂ ਉਹ ਦੇਰ ਸ਼ਾਮ ਤੱਕ ਘਰ ਨਾ ਪੁੱਜਾ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਅੱਜ ਸਵੇਰੇ ਸੁਨੀਲ ਕੁਮਾਰ ਦਾ ਮੋਟਰਸਾਈਕਲ ਪਾਵਰ ਹਾਊਸ ਨੰਬਰ 4 ਨਹਿਰ ਕੋਲੋਂ ਮਿਲਿਆ। ਮਗਰੋਂ ਉਸ ਦੀ ਲਾਸ਼ ਵੀ ਨਹਿਰ ਦੇ ਗੇਟਾਂ ਵਿੱਚੋਂ ਬਰਾਮਦ ਕੀਤੀ ਗਈ। ਨੌਜਵਾਨ ਦਾ ਕੁਝ ਹੀ ਦਿਨਾਂ ਮਗਰੋਂ ਵਿਆਹ ਰੱਖਿਆ ਹੋਇਆ ਸੀ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਹੀ ਸ਼ੁਰੂ ਕਰ ਦਿੱਤੀ ਹੈ।