ਜਸਬੀਰ ਸਿੰਘ ਚਾਨਾ
ਫਗਵਾੜਾ, 13 ਸਤੰਬਰ
ਇੱਥੋਂ ਦੀ ਜੇ.ਸੀ.ਟੀ. ਮਿੱਲ ਦੇ ਸਾਹਮਣੇ ਇੰਡਸਟਰੀ ਏਰੀਆ ਖੇਤਰ ’ਚ ਪੈਂਦੀ ਛੱਜ ਕਾਲੋਨੀ ’ਚ ਗਰੀਬ ਪਰਿਵਾਰ ਦੇ ਬਣੇ ਛੋਟੇ ਜਿਹੇ ਮਕਾਨ ਨੂੰ ਢਾਹੁਣ ਲਈ ਨਗਰ ਨਿਗਮ ਦੀ ਟੀਮ ਜੇ.ਸੀ.ਬੀ ਮਸ਼ੀਨ ਸਣੇ ਪਹੁੰਚੀ। ਜੇ.ਸੀ.ਬੀ. ਨਾਲ ਉਸ ਦੀ ਕੰਧ ਤੇ ਵਾਹਦਰਾ ਢਾਹ ਦਿੱਤਾ ਜਿਸ ਦਾ ਲੋਕਾਂ ਨੇ ਤਿੱਖਾ ਵਿਰੋਧ ਕੀਤਾ।
ਮਕਾਨ ਮਾਲਕਣ ਚੰਦਨ ਨੇ ਕਿਹਾ ਕਿ ਛੱਜ ਕਾਲੋਨੀ ਸਰਕਾਰੀ ਥਾਂ ’ਤੇ ਬਣੀ ਹੋਈ ਹੈ ਅਤੇ ਇੱਥੇ ਦੀ ਕੋਈ ਰਜਿਸਟਰੀ ਵੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਸ ਦਾ ਮਕਾਨ ਕੱਚਾ ਸੀ ਤੇ ਬਰਸਾਤ ਦੇ ਦਿਨਾਂ ’ਚ ਕਾਫ਼ੀ ਮੁਸ਼ਕਿਲ ਆਉਂਦੀ ਸੀ। ਉਹ ਲੋਕਾਂ ਦੇ ਘਰਾਂ ’ਚ ਕੰਮ ਕਰਦੀ ਹੈ ਤੇ ਉਸ ਨੇ ਕਈ ਲੋਕਾਂ ਦੀ ਮੱਦਦ ਨਾਲ ਇਹ ਕਮਰਾ ਪਾਇਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਅਚਾਨਕ 6.30 ਵਜੇ ਦੇ ਕਰੀਬ ਨਗਰ ਨਿਗਮ ਵੱਲੋਂ ਜੇ.ਸੀ.ਬੀ ਮਸ਼ੀਨ ਲਿਆ ਕੇ ਉਸ ਦਾ ਵਾਹਦਰਾ ਤੇ ਕੰਧ ਦਾ ਨੁਕਸਾਨ ਕੀਤਾ ਹੈ। ਉੱਥੇ ਮੌਜੂਦ ਲੋਕਾਂ ਨੇ ਨਗਰ ਨਿਗਮ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਤੇ ਨਿਗਮ ਦੀ ਕਾਰਵਾਈ ਦਾ ਵਿਰੋਧ ਕੀਤਾ। ਉਨ੍ਹਾਂ ‘ਆਪ’ ਸਰਕਾਰ ਨੂੰ ਅਪੀਲ ਕੀਤੀ ਕਿ ਗਰੀਬ ਲੋਕਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਉਣਾ ਬੰਦ ਕੀਤਾ ਜਾਵੇ।
ਇਸ ਸਬੰਧੀ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਹਰਜੀਤ ਸਿੰਘ ਨੇ ਕਿਹਾ ਕਿ ਇਹ ਮਕਾਨ ਬਿਨਾਂ ਨਕਸ਼ੇ ਤੋਂ ਬਣਿਆ ਹੈ ਤੇ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਿਲਡਿੰਗ ਬਣਾਉਣ ਵਾਲਿਆਂ ਨੂੰ ਪਹਿਲਾਂ ਵੀ ਨਗਰ ਨਿਗਮ ਵੱਲੋਂ ਨੋਟਿਸ ਦਿੱਤੇ ਗਏ ਸਨ ਪਰ ਇਨ੍ਹਾਂ ਨੇ ਕੰਮ ਬੰਦ ਨਹੀਂ ਕੀਤਾ ਜਿਸ ਕਾਰਨ ਨਿਗਮ ਨੂੰ ਕਾਰਵਾਈ ਅਮਲ ’ਚ ਲਿਆਉਣੀ ਪਈ।