ਬਲਵਿੰਦਰ ਸਿੰਘ ਭੰਗੂ
ਭੋਗਪੁਰ, 14 ਜੂਨ
ਨੇੜਲੇ ਪਿੰਡ ਚੋਲਾਂਗ ਦੀ ਸਰਪੰਚ ਬੀਬੀ ਗੁਰਪ੍ਰੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਦੇ ਹੀ ਇੱਕ ਵਿਅਕਤੀ ਨੇ ਪੰਚਾਇਤੀ ਜ਼ਮੀਨ ਦੀ ਬੋਲੀ ਕਰਾਉਣ ਸਮੇਂ ਬਲਾਕ ਅਫਸਰਾਂ ਦੀ ਹਾਜ਼ਰੀ ’ਚ ਭੱਦੀ ਸ਼ਬਦਾਵਲੀ ਵਰਤਦਿਆਂ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।
ਸਰਪੰਚ ਗੁਰਪ੍ਰੀਤ ਕੌਰ ਨੇ ਨਿਆਂ ਲੈਣ ਵਾਸਤੇ ਥਾਣਾ ਭੋਗਪੁਰ ਵਿਚ ਰਵਿੰਦਰ ਸਿੰਘ ਬੱਬੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਦਰਖਾਸਤ ਦੇ ਦਿੱਤੀ ਹੈ।
ਇਸ ਬਾਰੇ ਥਾਣਾ ਭੋਗਪੁਰ ਦੇ ਮੁਖੀ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਰਵਿੰਦਰ ਸਿੰਘ ਬੱਬੀ ਨੇ ਕਿਸੇ ਵਿਅਕਤੀ ਰਾਹੀਂ ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਅਤੇ ਉਸ ਦੇ ਸਮਰਥਕਾਂ ਵਿਰੁੱਧ ਦਰਖਾਸਤ ਦੇ ਕੇ ਲਿਖਿਆ ਹੈ ਕਿ ਸਰਪੰਚ ਦੇ ਸਮਰਥਕਾਂ ਨੇ ਉਸ ਦਾ ਕੁਟਾਪਾ ਚਾੜ੍ਹਿਆ ਹੈ ਜਿਸ ਕਰਕੇ ਉਨ੍ਹਾਂ ਵਿਰੁੱਧ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇੰਸਪੈਕਟਰ ਮਨਜੀਤ ਸਿੰਘ ਨੇ ਕਿਹਾ ਕਿ ਦੋਹਾਂ ਧਿਰਾਂ ਨੂੰ ਥਾਣਾ ਭੋਗਪੁਰ ਵਿਚ ਬੁਲਾ ਕੇ ਸੱਚ ਸਾਹਮਣੇ ਲਿਆਂਦਾ ਜਾਵੇਗਾ।