ਗੁਰਦੇਵ ਸਿੰਘ ਗਹੂੰਣ
ਬਲਾਚੌਰ, 28 ਜੂਨ
ਬਲਾਚੌਰ ਬਲਾਕ ਦੇ ਪਿੰਡ ਮਹਿਤਪੁਰ ਉਲੱਦਣੀ ਵਿਖੇ ਪਰਵਾਸੀ ਮਜ਼ਦੂਰਾਂ ਦੀਆਂ ਦੋ ਮਾਸੂਮ ਲੜਕੀਆਂ ਦੇ ਬਿਸਤ ਦੁਆਬ ਨਹਿਰ ’ਚ ਡੁੱਬਣ ਕਾਰਨ ਦੋਹਾਂ ਪਿੰਡਾਂ ’ਚ ਸੋਗ ਦੀ ਲਹਿਰ ਦੌੜ ਗਈ ਹੈ।
ਥਾਣਾ ਸਦਰ ਬਲਾਚੌਰ ਦੇ ਮੁਖੀ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਬੀਤੀ 27 ਜੂਨ ਨੂੰ ਸਵੇਰੇ 11 ਕੁ ਵਜੇ ਪਿੰਡ ਮਹਿਤਪੁਰ ਉਲੱਦਣੀ ਵਿਖੇ ਪਰਵਾਸੀ ਮਜ਼ਦੂਰਾਂ ਦੇ 5 ਬੱਚੇ ਬਿਸਤ ਦੋਆਬ ਨਹਿਰ ਦੀਆਂ ਪੌੜੀਆਂ ਉੱਤੇ ਬੇਠੇ ਨਹਾ ਰਹੇ ਸਨ, ਜਿਨ੍ਹਾਂ ਵਿੱਚੋਂ ਇੱਕ ਲੜਕੀ ਦਾ ਪੈਰ ਤਿਲਕ ਗਿਆ, ਜਿਸ ਨੂੰ ਫੜਦਿਆਂ ਦੂਜੀ ਲੜਕੀ ਵੀ ਉਸ ਦੇ ਨਾਲ ਹੀ ਨਹਿਰ ਵਿੱਚ ਡਿੱਗ ਪਈ। ਪਿੰਡ ਦੇ ਹੀ ਇੱਕ ਨੌਜਵਾਨ ਨੇ ਦੂਸਰੇ ਤਿੰਨ ਬੱਚਿਆਂ ਨੂੰ ਤਾਂ ਫੜ ਲਿਆ, ਪ੍ਰੰਤੂ ਉਸ ਨੂੰ ਪਹਿਲਾਂ ਡੁੱਬੀਆਂ ਦੋ ਲੜਕੀਆਂ ਬਾਰੇ ਪਤਾ ਨਾ ਲੱਗਿਆ। ਨਹਿਰ ’ਚ ਡੁੱਬੀਆਂ ਦੋਵੇਂ ਲੜਕੀਆਂ ਪੂਜਾ (12) ਪੁੱਤਰੀ ਸੰਤੋਸ਼ ਅਤੇ ਰੂਪਾ (8) ਪੁੱਤਰੀ ਰਾਜੇਸ਼ ਹਨ, ਜਿਨ੍ਹਾਂ ਦੀ ਪਿਛਲੇ 24 ਘੰਟਿਆਂ ਤੋਂ ਵੱਧ ਸਮੇਂ ਤੋਂ ਭਾਲ ਕੀਤੀ ਜਾ ਰਹੀ ਹੈ, ਪ੍ਰੰਤੂ ਅਜੇ ਤੱਕ ਉਨ੍ਹਾਂ ਦਾ ਕੋਈ ਥਹੁ-ਪਤਾ ਨਹੀਂ ਲੱਗਿਆ। ਇਹ ਪਰਵਾਸੀ ਮਜ਼ਦੂਰ ਬਿਹਾਰ ਦੇ ਦੱਸੇ ਜਾ ਰਹੇ ਹਨ।