ਜਗਜੀਤ ਸਿੰਘ
ਮੁਕੇਰੀਆਂ, 1 ਜੂਨ
ਸ਼ਾਹ ਨਹਿਰ ਦੀ ਸਹਿਰ ਦੇ ਅੰਦਰੋਂ ਲੰਘਦੀ ਮੁਕੇਰੀਆਂ ਡਿਸਟਰੀਬਿਊਟਰੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਪਾਏ ਜਾ ਰਹੇ ਸੀਵਰੇਜ ਦੇ ਪਾਣੀ ਕਾਰਨ ਅੱਜ ਸਵੇਰੇ ਨਹਿਰ ਓਵਰਫਲੋਅ ਹੋ ਗਈ। ਇਸ ਕਾਰਨ ਬਾਗੋਵਾਲ ਕਲੋਨੀ ਤੇ ਭੰਡ ਕਲੋਨੀ ਦੇ ਘਰਾਂ ਵਿੱਚ ਪਾਣੀ ਭਰ ਗਿਆ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਕਾਫੀ ਜੱਦੋਜਹਿਦ ਮਗਰੋਂ ਸ਼ਾਹ ਨਹਿਰ ਮੁਲਾਜ਼ਮਾਂ ਵੱਲੋਂ ਅੰਦਰ ਫਸਿਆ ਸਾਮਾਨ ਕੱਢਣ ਉਪਰੰਤ ਨਹਿਰ ਦਾ ਪਾਣੀ ਸਹੀ ਤਰੀਕੇ ਨਾਲ ਚਲਾਇਆ ਜਾ ਸਕਿਆ। ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਮੁਕੇਰੀਆਂ ਡਿਸਟਰੀਬਿਊਟਰੀ ਵਿੱਚ ਮਨਾਹੀ ਦੇ ਬਾਵਜੂਦ ਸ਼ਹਿਰ ਦੇ ਲੋਕਾਂ ਵਲੋਂ ਸੀਵਰੇਜ ਦਾ ਪਾਣੀ ਸੁੱਟਿਆ ਜਾ ਰਿਹਾ ਹੈ। ਕੁਝ ਮਹੀਨੇ ਪਹਿਲਾਂ ਸ਼ਾਹ ਨਹਿਰ ਅਧਿਕਾਰੀਆਂ ਵੱਲੋਂ ਸਿੰਚਾਈ ਨਹਿਰ ਵਿੱਚ ਸੀਵਰੇਜ ਸੁੱਟਣ ਵਾਲਿਆਂ ਖਿਲਾਫ਼ ਕਾਰਵਾਈ ਅਰੰਭੀ ਗਈ ਸੀ, ਪਰ ਹਲਕਾ ਵਿਧਾਇਕਾ ਵੱਲੋਂ ਕੌਂਸਲ ਚੋਣਾਂ ਸਿਰ ’ਤੇ ਦੇਖਦਿਆਂ ਇਸ ਵਿੱਚ ਕੁਝ ਸਮੇਂ ਲਈ ਛੋਟ ਦੁਆ ਦਿੱਤੀ। ਇਸ ਉਪਰੰਤ ਨਾ ਤਾਂ ਸ਼ਾਹ ਨਹਿਰ ਅਧਿਕਾਰੀਆਂ ਨੇ ਹੀ ਮੁੜ ਚਾਰਾਜੋਈ ਕੀਤੀ ਅਤੇ ਨਾ ਹੀ ਸ਼ਹਿਰ ਦਾ ਸੀਵਰੇਜ ਨਹਿਰਾਂ ਵਿੱਚ ਸੁੱਟਣਾ ਬੰਦ ਕਰਵਾਇਆ ਜਾ ਸਕਿਆ। ਇਸ ਕਾਰਨ ਅੱਜ ਬਾਗੋਵਾਲ ਕਲੋਨੀ ਤੇ ਇਸ ਦੇ ਆਸ ਪਾਸ ਵਸਦੇ ਲੋਕਾਂ ਸਮੇਤ ਭੰਡ ਕਲੋਨੀ ਵਿੱਚ ਸੀਵਰੇਜ ਨਾਲ ਭਰਿਆ ਨਹਿਰ ਦਾ ਪਾਣੀ ਵੜ੍ਹਨ ਕਾਰਨ ਲੋਕਾਂ ਵਿੱਚ ਰੋਹ ਸੀ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜੁਆਇੰਟ ਸਕੱਤਰ ਆਸ਼ਾ ਨੰਦ ਨੇ ਕਿਹਾ ਕਿ ਨਹਿਰਾਂ ਵਿੱਚ ਸੁੱਟੇ ਜਾ ਰਹੇ ਸੀਵਰੇਜ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਐੱਸਡੀਐੱਮ ਕੰਪਲੈਕਸ ਦੇ ਬਿਲਕੁਲ ਸਾਹਮਣੇ ਤੋਂ ਲੰਘਦੀ ਇਸ ਨਹਿਰ ਵਿੱਚ ਬੇਰੋਕ ਲੰਬੇ ਸਮੇਂ ਤੋਂ ਸੀਵਰੇਜ ਤੇ ਹੋਰ ਕਚਰਾ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਨਹਿਰ ਵਿੱਚ ਡਿੱਗ ਰਿਹਾ ਸੀਵਰੇਜ ਦਾ ਪਾਣੀ ਰੋਕਿਆ ਜਾਵੇ ਅਤੇ ਸਿੰਚਾਈ ਨਹਿਰ ਵਿੱਚ ਸੁੱਟਣ ਵਾਲਿਆਂ ਖ਼ਿਲਾਫ਼ ਸਖਤੀ ਵਰਤੀ ਜਾਵੇ।