ਜੇ.ਬੀ. ਸੇਖੋਂ
ਗੜ੍ਹਸ਼ੰਕਰ, 1 ਸਤੰਬਰ
ਇਸ ਤਹਿਸੀਲ ਦੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਬੀਤ ਖਿੱਤੇ ਦੇ ਪਿੰਡ ਮਹਿੰਦਵਾਣੀ ਵਿੱਚ ਇਲਾਕਾ ਵਾਸੀਆਂ ਵੱਲੋਂ ਪਿਛਲੇ ਕਰੀਬ ਇਕ ਮਹੀਨੇ ਤੋਂ ਹਿਮਾਚਲ ਦੀਆਂ ਫੈਕਟਰੀਆਂ ਦੇ ਪ੍ਰਦੂਸ਼ਣ ਅਤੇ ਇਨ੍ਹਾਂ ਫੈਕਟਰੀਆਂ ਤੋਂ ਨਿਕਲਦੇ ਓਵਰਲੋਡਿਡ ਵਾਹਨਾਂ ਵਿਰੁੱਧ ਪਿੰਡ ਬਚਾਓ ਕਮੇਟੀ ਦੀ ਅਗਵਾਈ ਹੇਠ ਚੱਲ ਰਹੇ ਧਰਨੇ ਦੌਰਾਨ ਅੱਜ ਧਰਨਾਕਾਰੀਆਂ ਨੇ ਐੱਸਡੀਐੱਮ ਗੜ੍ਹਸ਼ੰਕਰ ਪ੍ਰੀਤਇੰਦਰ ਸਿੰਘ ਬੈਂਸ ਦਾ ਪੁਤਲਾ ਫੂਕਿਆ ਅਤੇ ਸੂਬਾ ਸਰਕਾਰ ’ਤੇ ਫੈਕਟਰੀ ਮਾਲਕਾਂ ਦੇ ਹਿਤਾਂ ਵਿੱਚ ਭੁਗਤਣ ਦਾ ਦੋਸ਼ ਲਾਇਆ।
ਦੱਸਣਯੋਗ ਹੈ ਕਿ ਇਸ ਮੋਰਚੇ ਦੀ ਅਗਵਾਈ ਕਰਨ ਵਾਲੇ 29 ਵਿਅਕਤੀਆਂ ਵਿਰੁੱਧ ਗੜ੍ਹਸ਼ੰਕਰ ਪੁਲੀਸ ਵੱਲੋਂ ਧਾਰਾ 144 ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਕੱਲ੍ਹ ਕੇਸ ਦਰਜ ਕੀਤਾ ਗਿਆ ਹੈ ਜਿਸ ਦੇ ਵਿਰੁੱਧ ਲੋਕਾਂ ਵਿੱਚ ਰੋਸ ਦੀ ਭਾਵਨਾ ਹੋਰ ਵੱਧ ਗਈ ਹੈ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਪਿੰਡ ਬਚਾਓ ਕਮੇਟੀ ਦੇ ਅਹੁਦੇਦਾਰ ਕੁਲਭੂਸ਼ਣ ਕੁਮਾਰ ਵਾਸੀ ਮਹਿੰਦਵਾਣੀ, ਕੋਕੋਵਾਲ ਪਿੰਡ ਦੇ ਸਰਪੰਚ ਕਮਲ ਕਟਾਰੀਆ, ਰਾਣਾ ਦਵਿੰਦਰ ਕੁਮਾਰ, ਰਾਮਜੀ ਦਾਸ ਚੌਹਾਨ, ਅਜਾਇਬ ਸਿੰਘ ਬੋਪਾਰਾਏ ਤੇ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਆਦਿ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪ੍ਰਦੂਸ਼ਣ ਵਿਰੁੱਧ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਤਾਨਾਸ਼ਾਹੀ ਦਿਖਾਈ ਜਾ ਰਹੀ ਹੈ ਅਤੇ ਪ੍ਰਸ਼ਾਸਨ ਦੇ ਇਸ ਜਬਰ ਵਿਰੁੱਧ ਲੋਕ ਝੁਕਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਉਦਯੋਗਾਂ ਨਾਲ ਬੀਤ ਦੇ ਪਿੰਡਾਂ ਵਿਚ ਭਾਰੀ ਪ੍ਰਦੂਸ਼ਣ ਫੈਲਾ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਚਮੜੀ ਤੇ ਸਾਹ ਦੇ ਰੋਗਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ ਉਹ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ ਅਤੇ ਕਿਸੇ ਵੀ ਸੂਰਤ ਵਿਚ ਫੈਕਟਰੀਆਂ ਦੇ ਪ੍ਰਦੂਸ਼ਣ ਵਿਰੁੱਧ ਚੱਲ ਰਹੇ ਪੱਕੇ ਮੋਰਚੇ ਨੂੰ ਹਟਾਇਆ ਨਹੀਂ ਜਾਵੇਗਾ। ਇਸ ਸਬੰਧੀ ਕੰਢੀ ਸੰਘਰਸ਼ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਹਰਮੇਸ਼ ਢੇਸੀ, ਕਿਸਾਨ ਆਗੂ ਗੁਰਨੇਕ ਸਿੰਘ ਭੱਜਲ,ਕੁਲਵਿੰਦਰ ਸਿੰਘ ਚਾਹਲ ਆਦਿ ਸਮੇਤ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਧਰਨੇ ਵਿੱਚ ਸ਼ਿਰਕਤ ਕੀਤੀ ਅਤੇ ਕਮੇਟੀ ਨਾਲ ਹਰ ਸੰਘਰਸ਼ ਵਿੱਚ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਧਰਨੇ ਵਿੱਚ ਵੱਖ ਵੱਖ ਪਿੰਡਾਂ ਦੀਆਂ ਔਰਤਾਂ ਵੀ ਭਾਰੀ ਗਿਣਤੀ ਵਿਚ ਸ਼ਾਮਿਲ ਸਨ।