ਪੱਤਰ ਪ੍ਰੇਰਕ
ਹੁਸ਼ਿਆਰਪੁਰ, 19 ਮਈ
ਟਰਾਂਸਪੋਰਟ ਸੈਕਟਰੀ ਵੱਲੋਂ ਭਲਕੇ ਦਿੱਤੇ ਗਏ ਮੀਟਿੰਗ ਦੇ ਸੱਦੇ ਦੇ ਮੱਦੇਨਜ਼ਰ ਕੁਝ ਬੱਸਾਂ ਅੱਜ ਚੱਲ ਗਈਆਂ ਹਨ। ਇਸ ਤੋਂ ਪਹਿਲਾਂ ਪੰਜਾਬ ਰੋਡਵੇਜ਼ ਪਨਬਸ/ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਟਰਾਂਸਪੋਰਟ ਵਿਭਾਗ ਦੇ ਉਚ ਅਧਿਕਾਰੀਆਂ ਦੇ ਕਥਿਤ ਤਾਨਾਸ਼ਾਹੀ ਰਵੱਈਏ ਖ਼ਿਲਾਫ਼ ਪੰਜਾਬ ਰੋਡਵੇਜ਼ ਦੇ ਡਿੱਪੂ ਬੰਦ ਕਰਕੇ ਮੈਨੇਜਮੈਂਟ ਖਿਲਾਫ਼ ਰੋਸ ਪ੍ਰਗਟ ਕੀਤਾ ਗਿਆ ਸੀ। ਜਥੇਬੰਦੀ ਦੇ ਪ੍ਰਧਾਨ ਰਮਿੰਦਰ ਸਿੰਘ ਦਾ ਕਹਿਣਾ ਸੀ ਕਿ ਕਰਮਚਾਰੀਆਂ ਨਾਲ ਪੱਖਪਾਤੀ ਵਿਵਹਾਰ ਕੀਤਾ ਜਾਂਦਾ ਹੈ। ਕਈ ਵਾਰ ਕਰਮਚਾਰੀਆਂ ਨੂੰ ਉਨ੍ਹਾਂ ਦਾ ਪੱਖ ਸੁਣੇ ਬਿਨਾਂ ਹੀ ਡਿਊਟੀ ਤੋਂ ਫ਼ਾਰਗ ਕਰ ਦਿੱਤਾ ਜਾਂਦਾ ਹੈ। ਡਿੱਪੂ ਪ੍ਰਧਾਨ ਰਮਿੰਦਰ ਸਿੰਘ ਅਤੇ ਨਰਿੰਦਰ ਸਿੰਘ ਨੇ ਮੰਗ ਕੀਤੀ ਕਿ ਫਾਰਗ ਕੀਤੇ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ, ਕੱਚੇ ਕਰਮਚਾਰੀਆਂ ਦਾ ਸ਼ੋਸ਼ਣ ਬੰਦ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਰੈਗੂਲਰ ਕਰਨ ਲਈ ਪ੍ਰਕਿਰਿਆ ਆਰੰਭੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਮੰਗਾਂ ਦਾ ਨਬਿੇੜਾ ਛੇਤੀ ਨਾ ਹੋਇਆ ਤਾਂ ਪੀ.ਆਰ.ਟੀ.ਸੀ. ਡਿੱਪੂ ਬੰਦ ਕਰਕੇ ਟਰਾਂਸਪੋਰਟ ਵਿਭਾਗ ਦੇ ਮੁੱਖ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਤਰਨ ਤਾਰਨ (ਪੱਤਰ ਪ੍ਰੇਰਕ): ਪੰਜਾਬ ਰੋਡਵੇਜ ਵਿੱਚ ਠੇਕਾ ਆਧਾਰ ’ਤੇ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਅਣਮਿਥੇ ਸਮੇਂ ਦੀ ਹੜਤਾਲ ਦੇ ਅੱਜ ਦੂਸਰੇ ਦਿਨ ਵੀ ਮੁਲਾਜ਼ਮਾਂ ਵੱਲੋਂ ਕੰਮ ਠੱਪ ਕੀਤੇ ਜਾਣ ਨਾਲ ਦੂਰ-ਦੁਰੇਡੇ ਦੀਆਂ ਸਵਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ|