ਹਤਿੰਦਰ ਮਹਿਤਾ
ਆਦਮਪੁਰ ਦੋਆਬਾ (ਜਲੰਧਰ), 27 ਫਰਵਰੀ
ਜਲੰਧਰ ਵਿਚ ਲੱਗ ਰਹੇ ਜਾਮ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦਾ ਮੁੱਖ ਕਾਰਨ ਜਲੰਧਰ ਦੇ ਪੀਏਪੀ ਚੌਕ ਵਿਚ ਪੁੱਲ ਦਾ ਡਿਜ਼ਾਈਨ ਸਹੀ ਨਾ ਹੋਣਾ ਹੈ, ਜਦੋਂ ਇਸ ਫਲਾਈਓਵਰ ਦਾ ਕੰਮ ਸ਼ੁਰੂ ਹੋਇਆ ਸੀ ਤਾਂ ਵਾਹਨ ਚਾਲਕਾਂ ਨੇ ਸੋਚਿਆ ਸੀ ਕਿ ਹੁਣ ਉਨ੍ਹਾਂ ਨੂੰ ਜਾਮ ਤੋਂ ਛੁਟਕਾਰਾ ਮਿਲ ਜਾਵੇਗਾ ਪਰ ਫਲਾਈਓਵਰ ’ਤੇ ਆਵਾਜਾਈ ਸ਼ੁਰੂ ਹੋਣ ਤੋਂ ਬਾਅਦ ਇਸ ਚੌਕ ਵਿਚ ਪਹਿਲਾਂ ਨਾਲੋਂ ਵੀ ਜ਼ਿਆਦਾ ਜਾਮ ਲੱਗਣਾ ਸ਼ੁਰੂ ਹੋ ਗਿਆ ਹੈ। ਜਲੰਧਰ ਤੋਂ ਅੰਮ੍ਰਿਤਸਰ ਅਤੇ ਜੰਮੂ ਤੋਂ ਜਾਣ ਵਾਲੇ ਵਾਹਨਾਂ ਨੂੰ ਪਹਿਲਾਂ ਰਾਮਾਂ ਮੰਡੀ ਚੌਕ ਆਉਣਾ ਪੈਂਦਾ ਹੈ ਤੇ ਮੁੜ ਪੀਏਪੀ ਚੌਕ ਵੱਲ ਜਾਣਾ ਪੈ ਰਿਹਾ ਹੈ ਜਿਸ ਕਾਰਨ ਪੀਏਪੀ ਚੌਕ ਵਿਚ ਲੁਧਿਆਣਾ, ਚੰਡੀਗੜ੍ਹ ਅਤੇ ਹੁਸ਼ਿਆਰਪੁਰ ਵੱਲ ਜਾਣ ਵਾਲੇ ਵਾਹਨ ਕਈ ਕਈ ਘੰਟੇ ਜਾਮ ਵਿਚ ਫਸ ਜਾਂਦੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਪੁਲ ਦੇ ਡਿਜ਼ਾਈਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ ਕਿਉਂਕਿ ਜਲੰਧਰ ਤੋਂ ਆਉਣ ਵਾਲੇ ਵਾਹਨਾਂ ਲਈ ਫਲਾਈਓਵਰ ’ਤੇ ਜਾਣ ਲਈ ਨਕਸ਼ਾ ਹੀ ਨਹੀਂ ਬਣਾਇਆ। ਇਸੇ ਤਰ੍ਹਾਂ ਪਠਾਨਕੋਟ ਚੌਕ ਵਿਚ ਅਕਸਰ ਜਾਮ ਲੱਗਿਆ ਰਹਿੰਦਾ ਹੈ ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ।
ਜਲੰਧਰ ਦੇ ਸਾਰੇ ਚੌਕਾਂ ’ਚ ਟਰੈਫਿਕ ਮੁਲਾਜ਼ਮ ਤਾਇਨਾਤ: ਡੀਐੱਸਪੀ
ਨਕੋਦਰ ਚੌਕ ਵਿਚ ਵੀ ਸਵੇਰੇ-ਸ਼ਾਮ ਨੂੰ ਜਾਮ ਲੱਗ ਜਾਂਦਾ ਹੈ ਜਿਸ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਹਨ। ਰਾਮਾਂਮੰਡੀ ਫਲਾਈਓਵਰ ਜੋ ਕਿ ਹੁਸ਼ਿਆਰਪੁਰ ਸਾਇਡ ਹੈ ਵੱਲ ਵੀ ਜਾਮ ਲੱਗ ਜਾਂਦਾ ਹੈ ਤੇ ਕਈ ਵਾਰ ਦੋ ਕਿਲੋਮੀਟਰ ਦਾ ਸਫਰ ਤੈਅ ਕਰਨ ਨੂੰ 45 ਤੋਂ 60 ਮਿੰਟ ਲੱਗ ਜਾਂਦੇ ਹਨ। ਇਥੋਂ ਜਾਮ ਲੱਗਣ ਦਾ ਮੁੱਖ ਕਾਰਨ ਲੋਕਾਂ ਵਲੋਂ ਵਾਹਨਾਂ ਨੂੰ ਸੜਕ ਵਿਚਕਾਰ ਖੜ੍ਹਾ ਕਰਨਾ ਹੈ। ਇਸ ਸਬੰਧ ਵਿਚ ਡੀਐਸਪੀ ਟ੍ਰੈਫਿਕ ਦਾ ਕਹਿਣਾ ਹੈ ਕਿ ਵਿਭਾਗ ਵਲੋਂ ਆਵਾਜਾਈ ਨੂੰ ਸੁੰਚਾਰੂ ਢੰਗ ਨਾਲ ਚਲਾਉਣ ਲਈ ਜਲੰਧਰ ਦੇ ਸਾਰੇ ਚੌਕਾਂ ਵਿਚ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਪਰ ਅੰਮ੍ਰਿਤਸਰ, ਚੰਡੀਗੜ੍ਹ, ਲੁਧਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਵਾਹਨ ਪੀਏਪੀ ਚੌਕ ਰਾਹੀਂ ਜਲੰਧਰ ਵਿਚ ਆਉਂਦੇ ਹਨ ਤੇ ਇਥੋਂ ਹੀ ਵਾਪਸ ਲੰਘਦੇ ਹਨ। ਉਨ੍ਹਾਂ ਦੱਸਿਆ ਕਿ ਇਸ ਚੌਕ ਵਿਚ ਆਵਾਜਾਈ ਨੂੰ ਠੀਕ ਢੰਗ ਨਾਲ ਚਲਾਉਣ ਲਈ 15 ਦੇ ਕਰੀਬ ਮੁਲਾਜ਼ਮ ਤਾਇਨਾਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕਈ ਯਾਤਰੀ ਸਮੇਂ ਦੀ ਬਚਤ ਕਰਨ ਲਈ ਪੀਏਪੀ ਚੌਕ ਤੋਂ ਹੀ ਬੱਸਾਂ ਤੋਂ ਉਤਰ ਕੇ ਦੂਜੀ ਥਾਂ ਲਈ ਬਸ ਫੜਦੇ ਹਨ ਜਿਸ ਕਾਰਨ ਵੀ ਜਾਮ ਲੱਗ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਈ ਛੋਟੇ ਵਾਹਨ ਚਾਲਕ ਗੁਰੂ ਨਾਨਕ ਪੁਰਾ ਰਾਹੀਂ ਪਠਾਨਕੋਟ ਅਤੇ ਅੰਮਿਤਸਰ ਵੱਲ ਜਾਂਦੇ ਹਨ ਪਰ ਉਸ ਰਸਤੇ ਵਿਚ ਰੇਲਵੇ ਫਾਟਕ ਹੋਣ ਕਾਰਨ ਉਥੇ ਵੀ ਜਾਮ ਲੱਗ ਜਾਂਦਾ ਹੈ।