ਬੁੱਲਟ ਦੇ ਪਟਾਕੇ ਪਾਉਣ ਅਤੇ ਤੇਜ਼ ਰਫਤਾਰੀ ਦੇ ਕਰਤੱਬ ਦਿਖਾਉਣ ਵਾਲੇ ਬੇਲਗਾਮ
ਭਗਵਾਨ ਦਾਸ ਸੰਦਲ
ਦਸੂਹਾ, 17 ਅਕਤੂਬਰ
ਇਥੇ ਸ਼ਹਿਰ ਅੰਦਰ ਟਰੈਫਿਕ ਦੀ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਜਿਸ ਦਾ ਕੋਈ ਯੋਗ ਹੱਲ ਕੱਢਣ ਦੀ ਬਜਾਏ ਕਈ ਵਾਰ ਤਾਂ ਇੰਝ ਲਗਦਾ ਹੈ ਕਿ ਪ੍ਰਸ਼ਾਸਨ ਵੀ ਇਸ ਸਮੱਸਿਆ ਅੱਗੇ ਗੋਡੇ ਟੇਕ ਰਿਹਾ ਹੈ। ਭੀੜ ਵਾਲੇ ਬਜ਼ਾਰਾਂ ਵਿੱਚ ਕਈ ਵਾਹਨ ਚਾਲਕ ਬੁੱਲਟ ਦੇ ਪਟਾਕੇ ਪਾਉਣ ਅਤੇ ਤੇਜ਼ ਰਫਤਾਰੀ ਦੇ ਕਰਤੱਬ ਦਿਖਾਉਣ ਤੋਂ ਬਾਜ ਨਹੀਂ ਆਉਂਦੇ। ਸ਼ਹਿਰ ਦਾ ਤਲਾਬ ਰੋਡ, ਬੱਲਗਣ ਚੌਕ, ਮਾਤਾ ਰਾਣੀ ਚੌਕ, ਵਿਜੇ ਮਾਰਕੀਟ, ਮਿਆਣੀ ਰੋਡ ਅਤੇ ਮਿਸ਼ਨ ਰੋਡ ਉਹ ਥਾਂਵਾਂ ਹਨ ਜਿੱਥੇ ਟਰੈਫਿਕ ਦੀ ਸਮੱਸਿਆ ਸਿਖਰਾਂ ’ਤੇ ਹੁੰਦੀ ਹੈ। ਕਿਤੇ ਨਾ ਕਿਤੇ ਡੀਐਸਪੀ ਦਫਤਰ, ਸਾਂਝ ਕੇਂਦਰ ਅਤੇ ਪੁਲੀਸ ਥਾਣੇ ਅੱਗੇ ਲੰਬੇ ਸਮੇਂ ਤੋਂ ਖੜੇ ਹਾਦਸਾਗ੍ਰਸਤ ਵਾਹਨ ਵੀ ਕੌਮੀ ਮਾਰਗ ਦੀ ਆਵਾਜਾਈ ਪ੍ਰਭਾਵਿਤ ਕਰਦੇ ਹਨ ਜਦੋਂ ਕਿ ਬਾਜ਼ਾਰਾਂ ਦੀਆਂ ਦੁਕਾਨਾਂ, ਬੈਂਕਾਂ ਅਤੇ ਸ਼ੋਅਰੂਮਾਂ ਅੱਗੇ ਖੜ੍ਹੇ ਬੇਤਰਤੀਬ ਵਾਹਨ ਵੀ ਸ਼ਹਿਰ ਦੀ ਅੰਦਰੂਨੀ ਆਵਾਜਾਈ ’ਚ ਵੱਡਾ ਅੜਿੱਕਾ ਬਣਦੇ ਹਨ। ਸਿਤਮ ਦੀ ਗੱਲ ਤਾਂ ਇਹ ਹੈ ਕਿ ਦਿਨ ਵੇਲੇ ਹੈਵੀ ਵਹੀਕਲਾਂ ਨੂੰ ਸ਼ਹਿਰ ਦੇ ਭੀੜੇ ਬਜ਼ਾਰਾਂ ’ਚ ਦਾਖਲ ਹੋਣ ਤੋਂ ਰੋਕਣ ਵਾਲਾ ਕੋਈ ਨਹੀਂ ਹੈ। ਜਿਸ ਕਾਰਨ ਸ਼ਹਿਰ ਅੰਦਰਲੀ ਆਵਾਜਾਈ ਸਮੱਸਿਆ ਵਿਕਰਾਲ ਰੂਪ ਧਾਰ ਜਾਂਦੀ ਹੈ। ਇਸ ਤੋਂ ਇਲਾਵਾ ਪਰਾਲੀ ਨਾਲ ਓਵਰਲੋਡ ਟਰਾਲੀਆਂ ਨਾਲ ਵੀ ਜਿਥੇ ਟਰੈਫਿਕ ਸਮੱਸਿਆ ਆਉਂਦੀ ਹੈ, ਉਥੇ ਹੀ ਟਰਾਲੀਆਂ ਤੋਂ ਉੱਡਦੇ ਪਰਾਲੀ ਦੇ ਕੱਖ ਜਦੋਂ ਰਾਹਗੀਰਾਂ ਦੀਆਂ ਅੱਖਾਂ ’ਚ ਪੈਂਦੇ ਹਨ ਤਾਂ ਹਾਦਸਿਆਂ ਦਾ ਖਦਸ਼ਾ ਵੱਧ ਜਾਂਦਾ ਹੈ। ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਦੇ ਸਥਾਈ ਹੱਲ ਦੀ ਮੰਗ ਕੀਤੀ ਹੈ।
ਨਿਯਮ ਤੋੜਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਡੀਐਸਪੀ
ਇਸ ਸਬੰਧੀ ਡੀ.ਐਸ.ਪੀ ਦਸੂਹਾ ਰਣਜੀਤ ਸਿੰਘ ਬਦੇਸ਼ਾ ਨੇ ਕਿਹਾ ਕਿ ਸ਼ਹਿਰ ਦੀ ਟਰੈਫਿਕ ਸਮੱਸਿਆ ਦੇ ਹੱਲ ਲਈ ਜ਼ਿਆਦਾ ਆਵਾਜਾਈ ਵਾਲੇ ਚੌਕਾਂ ਵਿੱਚ ਮੁਲਾਜ਼ਮਾਂ ਦੀ ਤਾਇਨਾਤੀ, ਬੱਸਾਂ ਅੱਡੇ ਵਿੱਚ ਖੜ੍ਹੀਆਂ ਕਰਵਾਉਣ, ਥਾਣੇ ਅਤੇ ਸਾਂਝ ਕੇਂਦਰ ਮੁਹਰੇ ਖੜ੍ਹੇ ਹਾਦਸਾਗ੍ਰਸਤ ਵਾਹਨਾਂ ਨੂੰ ਹਟਾਉਣ ਦੀਆਂ ਹਦਾਇਤਾਂ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਟਰੈਫਿਕ ਨਿਯਮ ਤੋੜਨ ਵਾਲਿਆਂ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਕੈਪਸ਼ਨ- ਮਿਆਣੀ ਰੋਡ ’ਤੇ ਪਰਾਲੀ ਨਾਲ ਓਵਰਲੋਡ ਤੇਜ਼ ਰਫਤਾਰੀ ਟਰਾਲੀ।