ਜਗਜੀਤ ਸਿੰਘ
ਮੁਕੇਰੀਆਂ, 1 ਨਵੰਬਰ
ਇਲਾਕੇ ਦੇ ਗੰਨਾ ਕਾਸ਼ਤਕਾਰਾਂ ਨੇ 5 ਨਵੰਬਰ ਤੱਕ ਖੰਡ ਮਿੱਲਾਂ ਚਲਾਉਣ ਦੇ ਖੇਤੀਬਾੜੀ ਮੰਤਰੀ ਦੇ ਭਰੋਸੇ ਦੇ ਉਲਟ ਵਰਤੀ ਜਾ ਰਹੀ ਢਿੱਲਮੱਠ ਦੇ ਵਿਰੋਧ ਵਿੱਚ 10 ਨਵੰਬਰ ਨੂੰ ਟਰਾਲੀਆਂ ਸਣੇ ਖੰਡ ਮਿੱਲਾਂ ਦੇ ਘਿਰਾਓ ਦਾ ਐਲਾਨ ਕੀਤਾ ਹੈ। ਇਸ ਸਬੰਧੀ ਫੈਸਲਾ ਦੋਆਬਾ ਕਿਸਾਨ ਕਮੇਟੀ ਦੀ ਮੁਕੇਰੀਆਂ ਇਕਾਈ ਵੱਲੋਂ ਪਿੰਡ ਕੁੱਲੀਆਂ ਵਿੱਚ ਕੀਤੀ ਇਕੱਤਰਤਾ ਦੌਰਾਨ ਲਿਆ ਗਿਆ।
ਮੁਕੇਰੀਆਂ ਸਰਕਲ ਦੇ ਪ੍ਰਧਾਨ ਅਵਤਾਰ ਸਿੰਘ ਬੌਬੀ ਤੇ ਮੀਤ ਪ੍ਰਧਾਨ ਹਰਭਜਨ ਸਿੰਘ ਮੋਹਲਾ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਸਰਬਸੰਮਤੀ ਨਾਲ ਪਿੰਡ ਕੁੱਲੀਆਂ ਤੋਂ ਕਿਸਾਨ ਆਗੂ ਜਰਨੈਲ ਸਿੰਘ ਨੂੰ ਗ੍ਰਾਮ ਕਮੇਟੀ ਦਾ ਪ੍ਰਧਾਨ ਥਾਪਿਆ ਗਿਆ ਤੇ ਕਾਰਜਕਾਰਨੀ ਚੁਣਨ ਦਾ ਅਧਿਕਾਰ ਉਨ੍ਹਾਂ ਨੂੰ ਦਿੱਤਾ ਗਿਆ।
ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਬੌਬੀ ਤੇ ਬਲਜੀਤ ਸਿੰਘ ਛੰਨੀ ਨੰਦ ਸਿੰਘ ਆਦਿ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਸਰਕਾਰਾਂ ਤੋਂ ਆਪਣੇ ਹੱਕ ਲੜ ਕੇ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਦੋਆਬਾ ਕਿਸਾਨ ਕਮੇਟੀ ਹਮੇਸ਼ਾ ਹੱਕ-ਸੱਚ ਲਈ ਹਰ ਵੇਲੇ ਸਭ ਨਾਲ ਖੜ੍ਹੀ ਹੈ। ਉਨ੍ਹਾਂ ਰੋਸ ਪ੍ਰਗਟਾਇਆ ਕਿ ਪੰਜਾਬ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨਾਲ 28 ਸਤੰਬਰ ਨੂੰ ਜਲੰਧਰ ’ਚ ਖੇਤੀਬਾੜੀ ਮੰਤਰੀ ਦੀ ਮੌਜੂਦਗੀ ’ਚ 31 ਕਿਸਾਨ ਜਥੇਬੰਦੀਆਂ ਨਾਲ ਹੋਈ ਮੀਟਿੰਗ ’ਚ ਵਾਅਦਾ ਕੀਤਾ ਸੀ ਕਿ ਸੂਬੇ ਦੀਆਂ ਖੰਡ ਮਿੱਲਾਂ 5 ਨਵੰਬਰ ਤੋਂ ਚਲਵਾ ਦਿੱਤੀਆਂ ਜਾਣਗੀਆਂ, ਪਰ ਖੰਡ ਮਿੱਲਾਂ ਤੇ ਸਰਕਾਰ ਵੱਲੋਂ ਵਰਤੀ ਜਾ ਰਹੀ ਢਿੱਲਮੱਠ ਤੋਂ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਸਰਕਾਰ ਮਿੱਲ ਮਾਲਕਾਂ ਦੇ ਦਬਾਅ ਹੇਠ ਖੰਡ ਮਿੱਲਾਂ ਨੂੰ ਸਮੇਂ ਸਿਰ ਚਲਾਉਣ ਤੋਂ ਪਿੱਛੇ ਹਟ ਰਹੀ ਹੈ। ਕਿਸਾਨ ਆਗੂਆਂ ਚਿਤਾਵਨੀ ਦਿੱਤੀ ਕਿ ਜੇ 5 ਨਵੰਬਰ ਤੱਕ ਖੰਡ ਮਿੱਲਾਂ ਨਾ ਚਲਾਈਆਂ ਗਈਆਂ ਤਾਂ ਗੰਨਾ ਕਾਸ਼ਤਕਾਰ ਗੰਨੇ ਦੀਆਂ ਟਰਾਲੀਆਂ ਭਰ ਕੇ 10 ਨੂੰ ਖੰਡ ਮਿੱਲਾਂ ਦਾ ਘਿਰਾਓ ਕਰਨਗੇ।
ਇਸ ਮੌਕੇ ਦਲਜੀਤ ਸਿੰਘ ਮੰਝਪੁਰ, ਕਰਮ ਸਿੰਘ ਮੰਝਪੁਰ, ਨੰਬਰਦਾਰ ਹਰਨਿੰਦਰ ਸਿੰਘ, ਦਿਲਾਵਰ ਸਿੰਘ, ਕਰਨੈਲ ਸਿੰਘ, ਬਲਬੀਰ ਸਿੰਘ, ਚਮਨ ਲਾਲ, ਸੁਰਜੀਤ ਸਿੰਘ, ਸਵਰਨ ਸਿੰਘ, ਹਰਭਜਨ ਸਿੰਘ, ਆਸਾ ਸਿੰਘ ਭੰਗਾਲਾ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਕਿਸਾਨ ਹਾਜ਼ਰ ਸਨ।