ਪੱਤਰ ਪ੍ਰੇਰਕ
ਸ਼ਾਹਕੋਟ, 5 ਜੂਨ
ਸੜਕਾਂ ਦੇ ਕਿਨਾਰੇ ਲੱਗੇ ਬੂਟਿਆਂ ਨੂੰ ਪਿਛਲੇ 4 ਸਾਲਾਂ ਤੋਂ ਆਪਣੇ ਮੋਟਰਸਾਈਕਲ ਦੇ ਦੋਵੇਂ ਪਾਸੇ ਬਾਲਟੀਆਂ ਬੰਨ੍ਹ ਕੇ ਪਾਣੀ ਦੇਣ ਵਾਲਾ ਪਿੰਡ ਕੋਟਲੀ ਗਾਜਰਾਂ (ਬਸਤੀ) ਦਾ ਸਾਬਕਾ ਸਰਪੰਚ ਦੇਸ ਰਾਜ ਸਹੀ ਅਰਥਾਂ ਵਿੱਚ ਵਾਤਾਵਰਨ ਪ੍ਰੇਮੀ ਬਣ ਗਿਆ ਹੈ। ਉਹ ਪਿੰਡ ਕੋਟਲੀ ਗਾਜਰਾਂ ਤੋਂ ਸ਼ਾਹਕੋਟ, ਮਲਸੀਆਂ ਅਤੇ ਰੇਲਵੇ ਫਾਟਕ ਤੱਕ ਜਾਂਦੀਆਂ ਸੰਪਰਕ ਸੜਕਾਂ ’ਤੇ ਲੱਗੇ ਬੂਟਿਆਂ ਨੂੰ ਪਾਣੀ ਦਿੰਦਾ ਹੈ। ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਵੀ ਉਹ ਬਿਨਾਂ ਕਿਸੇ ਪ੍ਰਸਿੱਧੀ ਦੀ ਤਾਕ ਤੋਂ ਦੂਰ ਆਪਣੀ ਸੱਚੀ ਲਗਨ ਨਾਲ ਆਪਣੇ ਇਸ ਨੇਕ ਕੰਮ ਵਿੱਚ ਮਸ਼ਰੂਫ ਸੀ। ਉਸਨੇ ਕਿਹਾ ਕਿ ਸਾਂਝੀ ਵਾਤਾਵਰਨ ਲਹਿਰ ਉਸਾਰਨ ਨਾਲ ਹੀ ਹਵਾ, ਪਾਣੀ ਅਤੇ ਚੌਗਿਰਦੇ ਨੂੰ ਬਚਾਇਆ ਜਾ ਸਕਦਾ ਹੈ। ਪਿੰਡਾਂ ਦੀਆਂ ਪੰਚਾਇਤਾਂ ਅਤੇ ਸਮਾਜ ਸੇਵਕਾਂ ਨੂੰ ਅੱਗੇ ਆਉਣਾ ਪਵੇਗਾ। ਸਰਕਾਰਾਂ ਨੂੰ ਆਪਣੇ ਵਿਭਾਗਾਂ ਨੂੰ ਚੁਸਤ ਤੇ ਦਰੁਸਤ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਵੀ ਉਹ ਇਸ ਨੇਕ ਕੰਮ ਨੂੰ ਪਿਛਲੇ 4 ਸਾਲਾਂ ਤੋਂ ਨਿਰੰਤਰ ਜਾਰੀ ਰੱਖ ਰਹੇ ਹਨ।