ਜੇ.ਬੀ.ਸੇਖੋਂ
ਗੜ੍ਹਸ਼ੰਕਰ, 15 ਸਤੰਬਰ
ਬੀਤ ਇਲਾਕੇ ਦੇ ਪਿੰਡ ਅਚਲਪੁਰ ਦੇ ਇਕ ਦੁਕਾਨਦਾਰ ਨੇ ਗਾਹਕ ਤੋਂ ਕਥਿਤ ਤੌਰ ’ਤੇ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੁਕਾਨਦਾਰ ਦੀ ਪਛਾਣ ਅਨਿਲ ਕੁਮਾਰ ਵਜੋਂ ਹੋਈ ਹੈ ਜੋ ਨੇੜਲੇ ਪਿੰਡ ਕਾਲੇਵਾਲ ਬੀਤ ਵਿੱਚ ਸੀਡ ਸਟੋਰ ਦੀ ਦੁਕਾਨ ਕਰਦਾ ਸੀ। ਮ੍ਰਿਤਕ ਨੇ ਖੁਦਕੁਸ਼ੀ ਤੋਂ ਪਹਿਲਾਂ ਇਕ ਨੋਟ ਲਿਖ ਕੇ ਆਪਣੀ ਖੁਦਕੁਸ਼ੀ ਦਾ ਜ਼ਿੰਮੇਵਾਰ ਸੋਹਨ ਲਾਲ ਪੁੱਤਰ ਪੋਹਲੋ ਰਾਮ ਤੇ ਉਸਦੀ ਨੂੰਹ ਨੂੰ ਦੱਸਿਆ ਹੈ। ਖੁਦਕੁਸ਼ੀ ਨੋਟ ਵਿੱਚ ਦੁਕਾਨਦਾਰ ਅਨਿਲ ਕੁਮਾਰ ਨੇ ਦੋਸ਼ ਲਾਇਆ ਕਿ ਉਸਨੂੰ ਸੋਹਨ ਲਾਲ ਪੁੱਤਰ ਪੋਹਲੋ ਰਾਮ ਬਹੁਤ ਪ੍ਰੇਸ਼ਾਨ ਕਰ ਰਿਹਾ ਹੈ ਜਿਸ ਤੋਂ ਦੁਖੀ ਹੋ ਕੇ ਉਹ ਆਪਣੀ ਜਾਨ ਦੇ ਰਿਹਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੂੰ ਅਪੀਲ ਕੀਤੀ ਕਿ ਉਸਦੇ ਪਰਿਵਾਰ ਦੀ ਸਾਰ ਲਈ ਜਾਵੇ।
ਇਸ ਸਬੰਧੀ ਅੱਜ ਖੁਦਕੁਸ਼ੀ ਕਰਨ ਵਾਲੇ ਦੁਕਾਨਦਾਰ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਪੁਲੀਸ ਥਾਣਾ ਗੜ੍ਹਸ਼ੰਕਰ ਪੁੱਜ ਕੇ ਸ਼ਿਕਾਇਤ ਦਰਜ ਕਰਵਾਈ। ਇਸ ਮੌਕੇ ਅਨਿਲ ਕੁਮਾਰ ਦੇ ਛੋਟੇ ਭਰਾ ਅਨੂਪ ਕੁਮਾਰ ਨੇ ਦੱਸਿਆ ਨੈਨਵਾਂ ਪਿੰਡ ਦੇ ਇਕ ਵਿਅਕਤੀ ਸੋਹਨ ਲਾਲ ਨੇ ਉਸਦੇ ਭਰਾ ਤੋਂ ਪੇਠੇ ਦੀ ਫਸਲ ਦਾ ਬੀਜ ਖਰੀਦਿਆ ਸੀ ਪਰ ਮੌਸਮੀ ਮਾਰ ਕਾਰਨ ਇਹ ਬੀਜ ਸਹੀ ਤਰ੍ਹਾਂ ਨਹੀਂ ਪੁੰਗਰਿਆ। ਜਿਸ ਤੋਂ ਖਫ਼ਾ ਹੋ ਕੇ ਇਸ ਵਿਅਕਤੀ ਨੇ ਅਨਿਲ ਕੁਮਾਰ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਲੱਖਾਂ ਰੁਪਏ ਦੇ ਹਰਜਾਨੇ ਦਾ ਕੇਸ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਪ੍ਰੇਸ਼ਾਨੀ ਕਾਰਨ ਉਸਦੇ ਭਰਾ ਨੇ ਅੱਜ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਖੁਦਕੁਸ਼ੀ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਐੱਸਐੱਚਓ ਕਰਨੈਲ ਸਿੰਘ ਨੇ ਕਿਹਾ ਕਿ ਖੁਦਕੁਸ਼ੀ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨਹਿਰ ਵਿੱਚ ਡਿੱਗਣ ਕਾਰਨ ਵਿਅਕਤੀ ਦੀ ਮੌਤ
ਪਠਾਨਕੋਟ (ਪੱਤਰ ਪ੍ਰੇਰਕ) ਸੁਜਾਨਪੁਰ ਦੇ ਪੁਲ ਨੰਬਰ-4 ਕੋਲ ਅੱਪਰਬਾਰੀ ਦੁਆਬ ਨਹਿਰ ਵਿੱਚ ਇੱਕ ਵਿਅਕਤੀ ਦੀ ਡਿੱਗਣ ਕਾਰਨ ਮੌਤ ਹੋ ਗਈ। ਜਿਸ ਦੀ ਪਛਾਣ ਅਮਰਜੀਤ ਸਿੰਘ ਉਮਰ 46 ਵਾਸੀ ਗੁਗਰਾਂ ਵਾਰਡ ਨੰਬਰ 1, ਸੁਜਾਨਪੁਰ ਵਜੋਂ ਹੋਈ ਹੈ। ਇਹ ਜਾਣਕਾਰੀ ਦਿੰਦੇ ਹੋਏ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਮ੍ਰਿਤਕ ਅਮਰਜੀਤ ਦੀ ਪਤਨੀ ਪਿੰਕੀ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਪਤੀ ਸਵੇਰੇ ਅਮਰਜੀਤ ਜੋ ਸੈਰ ਲਈ ਨਿਕਲਿਆ ਸੀ, ਪੈਰ ਤਿਲਕਣ ਕਾਰਨ ਨਹਿਰ ਵਿੱਚ ਡਿੱਗ ਗਿਆ। ਜਿਸ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਕਾਰਨ ਸੁਜਾਨਪੁਰ ਪੁਲੀਸ ਸਟੇਸ਼ਨ ’ਚ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਪੋਸਟਮਾਰਟਮ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਮਤਰੇਈ ਮਾਂ ਵੱਲੋਂ ਨਾਬਾਲਗ ਧੀ ਦੇ ਹੱਥ-ਪੈਰ ਬੰਨ੍ਹ ਕੇ ਕੁੱਟਮਾਰ
ਜਲੰਧਰ (ਨਿੱਜੀ ਪੱਤਰ ਪ੍ਰੇਰਕ) ਇੱਥੇ ਪਿੰਡ ਵੜਿੰਗ ’ਚ ਇੱਕ ਨਸ਼ੇੜੀ ਮਤਰੇਈ ਮਾਂ 11 ਸਾਲਾ ਧੀ ਨੂੰ ਸਕੂਟਰੀ ’ਤੇ ਬਿਠਾ ਕੇ ਘਰੋਂ ਲੈ ਗਈ ਤੇ ਚਹੇੜੂ ਪੁਲ ਥੱਲੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਤੇ ਉਸ ਨੂੰ ਡੰਡੇ ਮਾਰ ਕੇ ਅੱਧਮੋਇਆ ਕਰ ਕੇ ਸੁੱਟ ਆਈ। ਹਾਲਾਂਕਿ ਇਸ ਨਸ਼ੇੜੀ ਔਰਤ ਨੇ ਲੜਕੀ ਨੂੰ ਆਪਣੇ ਵੱਲੋਂ ਤਾਂ ਮਾਰ ਦਿੱਤਾ ਸੀ ਪਰ ਲੜਕੀ ਖੁਸ਼ਕਿਸਮਤੀ ਨਾਲ ਬਚ ਗਈ। ਜਲੰਧਰ ਛਾਉਣੀ ਦੀ ਪੁਲੀਸ ਨੇ ਦੱਸਿਆ ਕਿ ਇੱਕ ਰਾਹਗੀਰ ਪੁਲ ਦੇ ਹੇਠੋਂ ਲੰਘ ਰਿਹਾ ਸੀ। ਉਸ ਨੇ ਉਥੇ ਇਕ ਲੜਕੀ ਨੂੰ ਹੱਥ-ਪੈਰ ਬੰਨ੍ਹੇ ਹੋਏ ਦੇਖਿਆ। ਉਸ ਨੇ ਦੇਖਿਆ ਕਿ ਬੱਚੀ ਸਾਹ ਲੈ ਰਹੀ ਸੀ। ਰਾਹਗੀਰ ਨੇ ਲੜਕੀ ਦੇ ਮੂੰਹ ’ਤੇ ਬੰਨ੍ਹੀ ਪੱਟੀ ਤੇ ਹੱਥ-ਪੈਰ ਖੋਲ੍ਹ ਦਿੱਤੇ। ਇਸ ਮਗਰੋਂ ਬੱਚੀ ਨੂੰ ਪਾਣੀ ਪਿਲਾਇਆ। ਪੀੜਤ ਲੜਕੀ ਨੇ ਸਾਰੀ ਕਹਾਣੀ ਰਾਹਗੀਰਾਂ ਨੂੰ ਦੱਸੀ। ਰਾਹਗੀਰ ਨੇ ਪਿੰਡ ਦੇ ਲੋਕਾਂ ਨੂੰ ਸੂਚਨਾ ਦਿੱਤੀ ਤਾਂ ਪਿੰਡ ਵਾਸੀ ਮੌਕੇ ’ਤੇ ਇਕੱਠੇ ਹੋ ਗਏ। ਲੋਕਾਂ ਨੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਲੜਕੀ ਨੂੰ ਆਪਣੇ ਨਾਲ ਲੈ ਗਈ। ਪੁਲੀਸ ਨੇ ਬੇਰਹਿਮੀ ਦਿਖਾਉਣ ਵਾਲੀ ਮਤਰੇਈ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਦੱਸਿਆ ਕਿ ਬੱਚੀ ਦੀ ਮਾਂ ਨੇ ਕੁਝ ਸਾਲ ਪਹਿਲਾਂ ਪਤੀ ਨੂੰ ਤਲਾਕ ਦੇ ਦਿੱਤਾ ਸੀ ਪਰ ਉਹ ਬੱਚੀ ਨੂੰ ਆਪਣੇ ਨਾਲ ਨਹੀਂ ਲੈ ਕੇ ਗਈ। ਤਲਾਕ ਮਗਰੋਂ ਲੜਕੀ ਦੇ ਪਿਤਾ ਨੇ ਦੂਜਾ ਵਿਆਹ ਕਰ ਲਿਆ ਪਰ ਜਿਸ ਔਰਤ ਨਾਲ ਉਸ ਨੇ ਵਿਆਹ ਕੀਤਾ ਉਹ ਵੀ ਨਸ਼ੇ ਦੀ ਆਦੀ ਨਿਕਲੀ। ਲੜਕੀ ਨੇ ਦੱਸਿਆ ਕਿ ਹੁਣ ਉਸ ਦਾ ਪਿਤਾ ਤੇ ਮਤਰੇਈ ਮਾਂ ਦੋਵੇਂ ਮਿਲ ਕੇ ਨਸ਼ਾ ਕਰਦੇ ਹਨ ਤੇ ਉਸ ਨੂੰ ਤੰਗ ਕਰਦੇ ਹਨ। ਬੀਤੀ ਰਾਤ ਉਸ ਦਾ ਪਿਤਾ ਘਰ ਨਹੀਂ ਸੀ ਤਾਂ ਉਸ ਦੀ ਮਤਰੇਈ ਮਾਂ ਉਸ ਦੇ ਪਿਤਾ ਨੂੰ ਲੱਭਣ ਬਹਾਨੇ ਐਕਟਿਵਾ ’ਤੇ ਆਪਣੇ ਨਾਲ ਲੈ ਗਈ। ਉਹ ਉਸਨੂੰ ਚਹੇੜੂ ਵਾਲੇ ਪੁਲ ਹੇਠਾਂ ਲੈ ਗਈ। ਉਥੇ ਉਸ ਨੇ ਲੜਕੀ ਦੇ ਮੂੰਹ ’ਤੇ ਪੱਟੀ ਬੰਨ੍ਹ ਦਿੱਤੀ ਤੇ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਦੇ ਸਿਰ ’ਤੇ ਡੰਡੇ ਮਾਰੇ ਜਿਸ ਕਾਰਨ ਲੜਕੀ ਬੇਹੋਸ਼ ਹੋ ਗਈ।