ਜਗਜੀਤ ਸਿੰਘ
ਮੁਕੇਰੀਆਂ, 12 ਮਈ
ਸ਼ਾਹ ਨਹਿਰ ਯੂਬੀਡੀਸੀ ਮੁਲਾਜ਼ਮ ਦਲ ਨੇ ਸ਼ਾਹ ਨਹਿਰ ਦੇ ਗੇਟਾਂ ਦੀ ਮੁਰੰਮਤ ਅਤੇ ਪਿਛਲੇ ਸਮੇਂ ਅੰਦਰ ਕਰਵਾਏ ਕੰਮਾਂ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਜਥੇਬੰਦੀ ਦਾ ਦੋਸ਼ ਹੈ ਕਿ ਨਹਿਰੀ ਗੇਟਾਂ ਦੇ ਕਰਵਾਏ ਕੰਮਾਂ ਵਿੱਚ ਭ੍ਰਿਸ਼ਟਾਚਾਰ ਕੀਤਾ ਗਿਆ ਹੈ। ਸਮੇਂ ਸਿਰ ਗੇਟ ਨਾ ਖੁੱਲ੍ਹਣ ਕਾਰਨ ਮੁਲਾਜ਼ਮਾਂ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਵੀ ਪੈਂਦਾ ਹੈ। ਇਸ ਲਈ ਗੇਟਾਂ ਦੀ ਮੁਰੰਮਤ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜਥੇਬੰਦੀ ਦੇ ਪ੍ਰਧਾਨ ਜਸਪਾਲ ਸਿੰਘ ਨੇ ਕਿਹਾ ਕਿ ਸ਼ਾਹ ਨਹਿਰ ਦੇ ਗੇਟਾਂ ਦੀ ਮੁਰੰਮਤ ਕਰੀਬ 1 ਕਰੋੜ 8 ਲੱਖ ਦੀ ਲਾਗਤ ਨਾਲ ਕੀਤੀ ਗਈ ਹੈ। ਇਹ ਗੇਟ ਪਹਿਲੀ ਵਾਰ ਚਲਾਉਣ ਤੋਂ ਪਹਿਲਾਂ ਹੀ ਮੁਰੰਮਤ ਨੂੰ ਤਰਸ ਗਏ। ਕਿਸਾਨਾਂ ਦੀ ਮੰਗ ’ਤੇ ਜਦੋਂ ਪਾਣੀ ਛੱਡਣਾ ਚਾਹਿਆ ਤਾਂ ਗੇਟ ਖੁੱਲ੍ਹੇ ਹੀ ਨਹੀਂ, ਜਿਸ ਕਾਰਨ ਕਾਹਲੀ ਵਿੱਚ ਨਵੇਂ ਗੇਟਾਂ ਦੀ ਕੱਟ ਵੱਢ ਕਰਕੇ ਸੂਰਤ ਵਿਗਾੜ ਕੇ ਡੰਗ ਟਪਾਇਆ ਜਾ ਰਿਹਾ ਹੈ ਅਤੇ ਅੱਜ ਮੁੜ ਇਹ ਗੇਟ ਜਵਾਬ ਦੇ ਗਏ ਹਨ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਵਿੱਚ ਭ੍ਰਿਸ਼ਟਾਚਾਰ ਦਾ ਵੱਡਾ ਕਾਰਨ ਨਹਿਰੀ ਜੂਨੀਅਰ ਇੰਜਨੀਅਰ ਵਜੋਂ ਤਾਇਨਾਤ ਹੋਏ ਅਧਿਕਾਰੀਆਂ ਦਾ ਐਕਸੀਐਨ ਬਨਣ ਤੱਕ ਇੱਥੇ ਹੀ ਤਾਇਨਾਤ ਰਹਿਣਾ ਹੈ। ਇਨ੍ਹਾਂ ਅਧਿਕਾਰੀਆਂ ਦੀ ਬਦੌਲਤ ਹੀ ਰਾਜਸੀ ਪਾਰਟੀਆਂ ਦੇ ਚਹੇਤਿਆਂ ਵੱਲੋਂ ਨਹਿਰਾਂ ਉੱਤੇ ਨਾਜਾਇਜ਼ ਪੁਲੀਆਂ ਪਾਈਆਂ ਗਈਆਂ ਹਨ ਅਤੇ ਸੀਵਰੇਜ ਦਾ ਗੰਦਾ ਪਾਣੀ ਸਿੰਚਾਈ ਨਹਿਰਾਂ ਵਿੱਚ ਸੁੱਟਿਆ ਜਾ ਰਿਹਾ ਹੈ। ਨਹਿਰਾਂ ਦੇ ਸਕੀਮੀ ਤੇ ਗੈਰ ਸਕੀਮੀ ਖਾਲਾਂ ’ਤੇ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ।
ਠੇਕੇਦਾਰ ਨੂੰ ਗੇਟ ਚੈੱਕ ਕਰਨ ਦੀ ਹਦਾਇਤ: ਐਕਸੀਅਨ
ਐਕਸੀਅਨ ਵਿਨੈ ਕੁਮਾਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਠੇਕੇਦਾਰਾਂ ਦੇ ਮੁਲਾਜ਼ਮ ਗੇਟ ਠੀਕ ਕਰਕੇ ਗਏ ਸਨ, ਪਰ ਅੱਜ ਮੁੜ ਫੀਡਰ ਨੰਬਰ 2 ਦਾ ਗੇਟ ਨਹੀਂ ਖੁੱਲ੍ਹਿਆ। ਇਸ ਕਾਰਨ ਮੁੜ ਤੋਂ ਠੇਕੇਦਾਰ ਨੂੰ ਗੇਟ ਚੈਕ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਾਲੇ ਠੇਕੇਦਾਰਾਂ ਨੂੰ ਅਦਾਇਗੀ ਨਹੀਂ ਹੋਈ ਅਤੇ ਜਥੇਬੰਦੀ ਤੇ ਮੁਲਾਜ਼ਮਾਂ ਦੀ ਤਸੱਲੀ ਅਨੁਸਾਰ ਗੇਟ ਚੱਲਣ ਉਪਰੰਤ ਹੀ ਠੇਕੇਦਾਰਾਂ ਨੂੰ ਅਦਾਇਗੀ ਕੀਤੀ ਜਾਵੇਗੀ।