ਨਿੱਜੀ ਪੱਤਰ ਪ੍ਰੇਰਕ
ਜਲੰਧਰ, 22 ਜੁਲਾਈ
ਨਗਰ ਨਿਗਮ ਹਾਊਸ ਦੀ 27 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਦੇ ਏਜੰਡੇ ਵਿਚ ਆਉਂਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਵਿਕਾਸ ਦੇ ਕੰਮਾਂ ਨੂੰ ਤਰਜੀਹ ਦਿੱਤੀ ਗਈ ਹੈ। ਪੰਜ ਮਹੀਨਿਆਂ ਬਾਅਦ ਹੋਣ ਵਾਲੀ ਇਸ ਮੀਟਿੰਗ ਵਿਚ ਸ਼ਹਿਰ ਦੇ 80 ਵਾਰਡਾਂ ਅਨੁਸਾਰ ਵਿਕਾਸ ਕਾਰਜ ਕਰਵਾਉਣ ਦੀ ਥਾਂ ਉਨ੍ਹਾਂ ਨੂੰ ਵਿਧਾਨ ਸਭਾ ਹਲਕਿਆਂ ਮੁਤਾਬਕ ਦਰਸਾਇਆ ਗਿਆ ਹੈ ਕਿ ਕਿਹੜੇ ਵਿਧਾਨ ਸਭਾ ਹਲਕੇ ਵਿਚ ਸੀਵਰੇਜ, ਸੜਕਾਂ, ਸਟਰੀਟ ਲਾਈਟਾਂ ਅਤੇ ਪਾਰਕਾਂ ਸਮੇਤ ਹੋਰ ਕੰਮ ਹੋਣੇ ਹਨ।
ਹਾਊਸ ਦੀ ਮੀਟਿੰਗ ਵਿਚ ਪਾਣੀ ਦੇ ਬਕਾਇਆ ਬਿੱਲਾਂ ਦਾ ਮੁੱਦਾ ਵੀ ਸ਼ਾਮਲ ਕੀਤਾ ਗਿਆ ਹੈ, ਜਿਹੜਾ ਕੁਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦੀ ਕਮੇਟੀ ਨੂੰ ਸੌਂਪਿਆ ਗਿਆ ਸੀ ਕਿ ਸ਼ਹਿਰ ਵਿਚ ਪਾਣੀ ਦੇ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ, ਜਿਸ ਦੀ ਰਕਮ ਜੁਰਮਾਨੇ ਸਮੇਤ 75 ਕਰੋੜ ਰੁਪਏ ਬਣਦੀ ਹੈ, ਉਸ ਨੂੰ ਮੁਆਫ ਕਰਵਾਉਣ ਲਈ ਸਿਫਾਰਸ਼ ਕੀਤੀ ਗਈ ਸੀ।
ਸ਼ਹਿਰ ਵਿਚ ਪੁਰਾਣੀਆਂ ਬਿਲਡਿੰਗਾਂ ਤੋੜਨ ਸਮੇਂ ਜਮ੍ਹਾਂ ਹੋਏ ਮਲਬੇ ਦੀ ਮੁੜ ਵਰਤੋਂ ਕਰਨ ਲਈ ਗਦੱਈਪੁਰ ਵਿਚ ਪ੍ਰਾਜੈਕਟ ਲਾਉਣ ਦਾ ਮੁੱਦਾ ਵੀ ਸ਼ਾਮਲ ਕੀਤਾ ਗਿਆ ਹੈ। ਇਸ ਪ੍ਰਾਜੈਕਟ ਵਿਚ ਮਲਬੇ ਦਾ ਚੂਰਾ ਬਣਾ ਕੇ ਉਸ ਤੋਂ ਇੰਟਰਲਾਕ ਟਾਈਲਾਂਂ ਬਣਾਉਣ ਦਾ ਪ੍ਰਾਜੈਕਟ ਸ਼ਾਮਲ ਹੈ। ਸ਼ਹਿਰ ਵਿਚ ਵੱਡੇ ਪੱਧਰ ’ਤੇ ਕੰਕਰੀਟ ਦੇ ਮਲਬੇ ਨੂੰ ਸਾਂਭਣ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਲੋਕ ਦੇਰ-ਸਵੇਰ ਸ਼ਹਿਰ ਤੋਂ ਬਾਹਰ ਸੜਕਾਂ ਕਿਨਾਰੇ ਹੀ ਮਲਬੇ ਨੂੰ ਸੁੱਟ ਜਾਂਦੇ ਹਨ। ਜੋ ਸ਼ਹਿਰ ਲਈ ਸਿਰਦਰਦੀ ਬਣਦਾ ਜਾ ਰਿਹਾ ਹੈ। ਸ਼ਹਿਰ ਵਿਚ ਪੈਦਾ ਹੋ ਰਹੇ 500 ਟਨ ਰੋਜ਼ਾਨਾ ਕੂੜੇ ਨੂੰ ਸੰਭਾਲਣ ਲਈ ਵੀ 25 ਟਰੈਕਟਰ ਟਰਾਲੀਆਂ ਅਤੇ ਡਰਾਈਵਰਾਂ ਤੇ ਤੇਲ ਦੇ ਖਰਚੇ ਦਾ ਮੁੱਦਾ ਵੀ ਸ਼ਾਮਲ ਕੀਤਾ ਗਿਆ ਹੈ ਤੇ ਉਸ ਉੱਪਰ 2 ਕਰੋੜ 44 ਲੱਖ ਤੋਂ ਵੱਧ ਦੀ ਰਕਮ ਖਰਚ ਹੋਵੇਗੀ। ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਹੀ ਆਊਟ ਸੋਰਸਿੰਗ ’ਤੇ ਰੱਖੇ 64 ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਮਤਾ ਰੱਖਿਆ ਗਿਆ ਹੈ ਤੇ ਇਹ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ।