ਨਿੱਜੀ ਪੱਤਰ ਪ੍ਰੇਰਕ
ਗੁਰਾਇਆ, 30 ਅਗਸਤ
ਗੁਰਾਇਆ ਅਤੇ ਆਸ-ਪਾਸ ਦੇ ਇਲਾਕਿਆਂ ’ਚ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਲੁੱਟਾਂ-ਖੋਹਾਂ ਕੀਤੀਆਂ। ਇਸ ਸਬੰਧੀ ਕੁਲਵਿੰਦਰ ਕੌਰ ਤੇ ਉਸ ਦੀ ਭਰਜਾਈ ਵਾਸੀ ਪਿੰਡ ਲਿਦੜ ਖੁਰਦ ਨੇ ਦੱਸਿਆ ਕਿ ਉਹ ਪਿੰਡ ਦੇ ਨੇੜੇ ਹੀ ਇਕ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਆ ਰਹੀਆਂ ਸਨ। ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ, ਨੇ ਆਉਂਦਿਆਂ ਹੀ ਪੁੜਪੁੜੀ ’ਤੇ ਪਿਸਤੌਲ ਤਾਣ ਦਿੱਤਾ ਅਤੇ ਉਨ੍ਹਾਂ ਦੋਵਾਂ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ। ਇਸ ਨਾਲ ਉਨ੍ਹਾਂ ਦਾ ਕਰੀਬ 60 ਹਜ਼ਾਰ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ।
ਇਸੇ ਤਰ੍ਹਾਂ ਨਜ਼ਦੀਕੀ ਪਿੰਡ ਢੰਡਵਾੜ ਦੀ ਲੁੱਟ-ਖੋਹ ਦੀ ਸ਼ਿਕਾਰ ਹੋਈ ਕਮਲੇਸ਼ ਕੌਰ ਪਤਨੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਪਿੰਡ ਦੀਆਂ ਹੋਰ ਔਰਤਾਂ ਨਾਲ ਪਿੰਡ ਦੇ ਨੇੜੇ ਹੀ ਧਾਰਮਿਕ ਅਸਥਾਨ ’ਤੇ ਗਈਆਂ ਸਨ, ਪਿੰਡ ਦੇ ਨੇੜੇ ਹੀ ਉਨ੍ਹਾਂ ਨੂੰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ, ਨੇ ਆਉਂਦਿਆਂ ਹੀ ਪਿਸਤੌਲ ਤਾਣ ਦਿੱਤਾ ਅਤੇ ਵਾਲੀਆਂ ਉਤਾਰ ਕੇ ਫਰਾਰ ਹੋ ਗਏ।
ਇਸ ਤੋਂ ਬਾਅਦ ਪਿੰਡ ਗੁੜਾ ਦੇ ਨੇੜੇ ਰਾਹਗੀਰਾਂ ਨੂੰ ਘੇਰ ਕੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਕੀਤੀ। ਨੇੜੇ ਦੇ ਘਰ ਵਾਲੇ ਅਤੇ ਪਿੰਡ ਵਾਸੀਆਂ ਵੱਲੋਂ ਰੌਲਾ ਪਾਉਣ ’ਤੇ ਲੁਟੇਰੇ ਸਾਰਿਆਂ ਨੂੰ ਪਿਸਤੌਲ ਦਿਖਾ ਕੇ ਉੱਥੋਂ ਭੱਜ ਗਏ ਅਤੇ ਜਾਂਦੇ ਹੋਏ ਰਾਹਗੀਰ ਨੂੰ ਦਾਤਰ ਮਾਰ ਕੇ ਜ਼ਖਮੀ ਕਰ ਗਏ। ਰਾਹਗੀਰਾਂ ਨੇ ਦੱਸਿਆ ਕਿ ਲੁਟੇਰਿਆਂ ਕੋਲ਼ ਦਾਤਰ ਅਤੇ ਪਿਸਤੌਲ ਵੀ ਸੀ।
ਲੁਟੇਰਿਆਂ ਨੇ ਮੌਲਵੀ ਨੂੰ ਜ਼ਖ਼ਮੀ ਕਰ ਕੇ 500 ਰੁਪਏ ਖੋਹੇ
ਸ਼ਾਹਕੋਟ (ਪੱਤਰ ਪ੍ਰੇਰਕ): ਚਾਰ ਹਥਿਆਰਬੰਦ ਲੁਟੇਰੇ ਮੌਲਵੀ ਨੂੰ ਘੇਰ ਕੇ ਉਸ ਨੂੰ ਜ਼ਖ਼ਮੀ ਕਰ ਕੇ ਉਸ ਕੋਲੋਂ 500 ਰੁਪਏ ਖੋਹ ਕੇ ਲੈ ਗਏ। ਸਿਵਲ ਹਸਪਤਾਲ ਸ਼ਾਹਕੋਟ ਵਿੱਚ ਜ਼ੇਰੇ ਇਲਾਜ ਮੌਲਵੀ ਸਰਾਜੂਦੀਨ ਨੇ ਦੱਸਿਆ ਕਿ ਉਹ ਯੂ.ਪੀ ਦੇ ਜ਼ਿਲ੍ਹਾ ਪੀਲੀਭੀਤ ਦਾ ਰਹਿਣ ਵਾਲਾ ਹੈ ਪਰ ਕਰੀਬ ਪਿਛਲੇ ਪੰਜ ਸਾਲਾਂ ਤੋਂ ਉਹ ਪਿੰਡ ਨਵਾਂ ਕਿਲਾ ਦੀ ਮਸੀਤ ਵਿੱਚ ਮੌਲਵੀ ਵਜੋਂ ਸੇਵਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਅੱਜ ਜਦੋਂ ਕਿਸੇ ਕੰਮ ਲਈ ਸ਼ਾਹਕੋਟ ਆ ਰਿਹਾ ਸੀ ਤਾਂ ਬੇਰੀਆਂ ਵਾਲੇ ਬਾਗ ਕੋਲੋਂ ਜਾਂਦੇ ਚੁਰੱਸਤੇ ਕੋਲ 4 ਲੁਟੇਰਿਆਂ ਨੇ ਉਸ ਉੱਪਰ ਰਵਾਇਤੀ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਲੁਟੇਰੇ ਮੌਲਵੀ ਨੂੰ ਜ਼ਖ਼ਮੀ ਕਰ ਕੇ ਉਸ ਕੋਲੋਂ 500 ਰੁਪਏ ਖੋਹਣ ਅਤੇ ਮੋਬਾਈਲ ਦੀ ਭੰਨ ਤੋੜ ਕਰ ਕੇ ਫਰਾਰ ਹੋ ਗਏ। ਉਨ੍ਹਾਂ ਕਿ ਐੱਮ.ਐੱਲ.ਆਰ. ਰਿਪੋਰਟ ਤਾਂ ਥਾਣੇ ਜਾ ਚੁੱਕੀ ਹੈ ਪਰ ਅਜੇ ਤੱਕ ਕੋਈ ਪੁਲੀਸ ਕਰਮਚਾਰੀ ਉਨ੍ਹਾਂ ਦੇ ਬਿਆਨ ਲੈਣ ਨਹੀਂ ਆਇਆ।