ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 29 ਅਗਸਤ
ਰੇਹੜੀ ਵਰਕਰ ਯੂਨੀਅਨ ਨੇ ਨਗਰ ਕੌਂਸਲ ਨਕੋਦਰ ਦੇ ਦਫਤਰ ਅੱਗੇ ਧਰਨਾ ਲਗਾਇਆ। ਵੱਡੀ ਗਿਣਤੀ ਵਿੱਚ ਰੇਹੜੀਆਂ ਲਗਾਉਣ ਵਾਲੇ ਮਜ਼ਦੂਰ ਗਗਨ-ਸੁਰਜੀਤ ਪਾਰਕ ਵਿੱਚ ਇਕੱਠੇ ਹੋਏ। ਇੱਥੋਂ ਉਹ ਮਾਰਚ ਕਰਦਿਆਂ ਨਗਰ ਕੌਂਸਲ ਦੇ ਦਫਤਰ ਅੱਗੇ ਪੁੱਜੇ। ਧਰਨੇ ਦੌਰਾਨ ਬੁਲਾਰਿਆਂ ਨੇ ਨਗਰ ਕੌਂਸਲ ਉੱਪਰ ਰੇਹੜੀ ਮਜ਼ਦੂਰਾਂ ਤੇ ਦੁਕਾਨਦਾਰਾਂ ਨੂੰ ਤੰਗ ਕਰਨ ਦੇ ਦੋਸ਼ ਲਗਾਏ।
ਬੁਲਾਰਿਆਂ ਨੇ ਕਿਹਾ ਕਿ ਨਗਰ ਕੌਂਸਲ ਟ੍ਰੈਫਿਕ ਸਮੱਸਿਆ ਦਾ ਬਹਾਨਾ ਬਣਾ ਕੇ ਪਰਵਾਸੀ ਤੇ ਪੰਜਾਬੀ ਮਜ਼ਦੂਰਾਂ ਦੀ ਰੋਜ਼ੀ-ਰੋਟੀ ਖੋਹਣ ਦਾ ਕੰਮ ਕਰ ਰਹੀ ਹੈ। ਅੱਤ ਦੀ ਮਹਿੰਗਾਈ ਦੇ ਦੌਰ ’ਚ ਰੇਹੜੀਆਂ ਤੇ ਛੋਟੇ ਦੁਕਾਨਦਾਰਾਂ ਦੇ ਕੰਮ ਦੇ ਪ੍ਰਭਾਵਿਤ ਹੋਣ ਨਾਲ ਉਨ੍ਹਾਂ ਦਾ ਸਮੁੱਚਾ ਪਰਿਵਾਰ ਭੁੱਖਮਰੀ ਦਾ ਸ਼ਿਕਾਰ ਹੋ ਜਾਵੇਗਾ। ਉਨ੍ਹਾਂ ਰੇਹੜੀ ਮਜ਼ਦੂਰਾਂ ਤੇ ਛੋਟੇ ਦੁਕਾਨਦਾਰਾਂ ਨੂੰ ਤੰਗ ਪ੍ਰੇਸ਼ਾਨ ਨਾ ਕਰਨ, ਉਨ੍ਹਾਂ ਦੇ ਰੁਜ਼ਗਾਰ ਦਾ ਉਜਾੜਾ ਨਾ ਕਰਨ ਅਤੇ ਰੇਹੜੀਆਂ ਲਗਾਉਣ ਲਈ ਢੁੱਕਵੀ ਥਾਂ ਦੇਣ ਦੀ ਮੰਗ ਕੀਤੀ। ਧਰਨੇ ਨੂੰ ਰੇਹੜੀ ਵਰਕਰ ਯੂਨੀਅਨ ਦੇ ਆਗੂ ਰਾਕੇਸ਼ ਕੁਮਾਰ, ਧਰਮਿੰਦਰ ਸਿੰਘ, ਰੱਬਾਨੀ, ਇਸਲਾਮ, ਗੁਰਦੀਪ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਚੰਨਣ ਸਿੰਘ, ਦਰਸ਼ਨ ਪਾਲ ਵਡਾਲਾ, ਖਾਲਿਦ ਖਾਨ ਤੇ ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਜਸਕਰਨ ਆਜ਼ਾਦ ਨੇ ਸੰਬੋਧਨ ਕੀਤਾ।