ਪੱਤਰ ਪ੍ਰੇਰਕ
ਫਗਵਾੜਾ, 27 ਮਈ
ਪਨਬੱਸ ’ਚ ਜਲੰਧਰ ਤੋਂ ਲੁਧਿਆਣਾ ਜਾ ਰਹੀ ਗਰਭਵਤੀ ਮਹਿਲਾ ਨੇ ਬੱਸ ’ਚ ਹੀ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਮਹਿਲਾ ਦੀ ਪਛਾਣ ਸ਼ਿਵਾਨੀ ਪਤਨੀ ਅਸ਼ਵੀਰ ਵਾਸੀ ਸਲੇਮ ਟਾਬਰੀ ਲੁਧਿਆਣਾ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਸ਼ਿਵਾਨੀ ਆਪਣੀ ਭੈਣ ਨਾਲ ਲੁਧਿਆਣਾ ਜਾ ਰਹੀ ਸੀ ਤਾਂ ਅਚਾਨਕ ਚਹੇੜੂ ਲਾਗੇ ਉਸ ਦੀ ਸਿਹਤ ਖ਼ਰਾਬ ਹੋ ਗਈ। ਇਸ ਕਾਰਨ ਬੱਸ ਨੂੰ ਤੁਰੰਤ ਖਾਲੀ ਕਰਵਾਇਆ ਗਿਆ ਤੇ ਬੱਸ ’ਚ ਸਵਾਰ ਇੱਕ ਮੈਡੀਕਲ ਮਾਹਿਰ ਨੇ ਉਸ ਦੀ ਮਦਦ ਕਰ ਕੇ ਬੱਚੇ ਨੂੰ ਜਨਮ ਦਿਵਾਇਆ। ਐਬੂਲੈਂਸ ਰਾਹੀਂ ਸ਼ਿਵਾਨੀ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਐੱਸਐੱਚਓ ਡਾ. ਕਮਲ ਕਿਸ਼ੋਰ ਨੇ ਦੱਸਿਆ ਕਿ ਬੱਚੀ ਨੇ ਕਰੀਬ ਇੱਕ ਮਹੀਨਾ ਪਹਿਲਾਂ ਹੀ ਜਨਮ ਲੈ ਲਿਆ ਹੈ ਤੇ ਹਸਪਤਾਲ ਪਹੁੰਚਣ ਸਦਕਾ ਮਾਂ ਤੇ ਬੱਚੀ ਬਿਲਕੁਲ ਠੀਕ ਹਨ।