ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਜੂਨ
ਭਾਰਤ ਵਿੱਚ ਪੋਪ ਦੇ ਨੁਮਾਇੰਦੇ, ਮਹਾਮਹਿਮ ਮੋਸਟ ਰੈਵ. ਲੀਓਪੋਲਡੋ ਗਿਰੇਲੀ ਭਾਰਤ ਅਤੇ ਨੇਪਾਲ ਵਿੱਚ ਨਨਸੀਓ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਜਲੰਧਰ ਦੇ ਡਾਇਓਸਿਸ ਦੇ ਦੋ ਦਿਨਾਂ ਦੇ ਪੇਸਟੋਰਲ ਦੌਰੇ ’ਤੇ ਆਏ। ਜਲੰਧਰ ਦੇ ਡਾਇਓਸਿਸ ਦੇ ਅਪੋਸਟੋਲਿਕ ਐਡਮਿਨਿਸਟ੍ਰੇਟਰ ਬਿਸ਼ਪ ਐਗਨੇਲੋ ਗ੍ਰੇਸੀਅਸ ਦੀ ਅਗਵਾਈ ਵਿੱਚ ਇਲਾਕੇ ਦੇ ਪੁਜਾਰੀਆਂ ਅਤੇ ਧਾਰਮਿਕ ਅਤੇ ਸਮਾਜ ਦੇ ਲੋਕਾਂ ਨਾਲ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਦੋ ਦਿਨਾਂ ਦੌਰਾਨ ਆਰਚਬਿਸ਼ਪ ਗਿਰੇਲੀ ਸੈਕਰਡ ਹਾਰਟ ਚਰਚ ਜਲੰਧਰ ਅਤੇ ਸੇਂਟ ਮੈਰੀਜ ਕੈਥੇਡਰਲ, ਜਲੰਧਰ ਛਾਉਣੀ ਵਿੱਚ ਪ੍ਰਾਰਥਨਾਵਾਂ ਦੀ ਪ੍ਰਧਾਨਗੀ ਕਰਨਗੇ। ਉਹ ਟ੍ਰਿਨਿਟੀ ਕਾਲਜ ਕੈਂਪਸ, ਸੇਂਟ ਪਾਈਅਸ ਚਰਚ, ਲੰਮਾ ਪਿੰਡ ਦਾ ਵੀ ਦੌਰਾ ਕਰਨਗੇ। ਬਿਸ਼ਪ ਹਾਊਸ ਦੇ ਬੁਲਾਰੇ ਨੇ ਦੱਸਿਆ ਕਿ ਵੈਟੀਕਨ ਦੇ ਪ੍ਰਤੀਨਿਧ ਦੀ ਫੇਰੀ ਦਾ ਉਦੇਸ਼ ਮਨੁੱਖੀ ਭਾਈਚਾਰਿਆਂ ਵਿੱਚ ਏਕਤਾ ਅਤੇ ਭਾਈਚਾਰੇ ਦੇ ਪੋਪ ਫਰਾਂਸਿਸ ਦੇ ਵਿਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਈਸਾ ਮਸੀਹ ਦੇ ਭਾਈਚਾਰੇ, ਪਿਆਰ ਅਤੇ ਸਦਭਾਵਨਾ ਦੇ ਸੰਦੇਸ਼ ਨੂੰ ਦੁਨੀਆਂ ਵਿੱਚ ਫੈਲਾਉਣਾ ਹੈ।