ਗੁਰਦੇਵ ਸਿੰਘ ਗਹੂੰਣ
ਬਲਾਚੌਰ, 23 ਸਤੰਬਰ
ਨਗਰ ਕੌਂਸਲ ਬਲਾਚੌਰ ਦੀ ਹਦੂਦ ਅੰਦਰ ਸਿੰਗਲ ਯੂਜ਼ ਪਲਾਸਟਿਕ, ਪਲਾਸਟਿਕ ਦੇ ਬੈਗ ਅਤੇ ਪਲਾਸਟਿਕ ਤੋਂ ਬਣੇ ਉਤਪਾਦਾਂ ਦੀ ਰੋਕਥਾਮ ਲਈ ਨਗਰ ਕੌਂਸਲ ਬਲਾਚੌਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਬਲਾਚੌਰ ਸ਼ਹਿਰ ਦੀਆਂ ਵੱਖ-ਵੱਖ ਫਰਮਾਂ ’ਤੇ ਛਾਪੇ ਮਾਰ ਕੇ ਇੱਕ ਕੁਇੰਟਲ ਪਲਾਸਟਿਕ ਦਾ ਸਾਮਾਨ ਬਰਾਮਦ ਕੀਤਾ ਗਿਆ। ਛਾਪੇ ਮਾਰਨ ਵਾਲੀ ਟੀਮ ਵਿੱਚ ਕਾਰਜ ਸਾਧਕ ਅਫਸਰ ਨਗਰ ਕੌਂਸਲ ਬਲਾਚੌਰ ਭਜਨ ਲਾਲ, ਇੰਜਨੀਅਰ ਹਰਸਿਮਰਨ ਸਿੰਘ ਐੱਸ.ਡੀ.ਓ. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਰੂਪਨਗਰ , ਸੈਨੇਟਰੀ ਇੰਸਪੈਕਟਰ ਭਾਰਤ ਭੂਸ਼ਣ, ਜੂਨੀਅਰ ਸਹਾਇਕ ਸੰਤੋਖ ਸਿੰਘ ਅਤੇ ਨਗਰ ਕੌਂਸਲ ਬਲਾਚੌਰ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ।
ਇਸ ਮੌਕੇ ਟੀਮ ਮੈਂਬਰਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇੱਕ ਵਾਰ ਵਰਤੋਂ ਵਾਲੇ ਪਲਾਸਟਿਕ ਦੇ ਸਾਮਾਨ ਜਿਵੇਂ ਕੱਪ, ਚਮਚੇ, ਥਾਲੀਆਂ, ਗਲਾਸ, ਪਲੇਟਾਂ ਅਤੇ ਬੈਗ ਆਦਿ ਚੀਜ਼ਾਂ ਦੀ ਵਰਤੋਂ ਨਾ ਕੀਤੀ ਜਾਵੇ, ਕਿਉਂਕਿ ਅਜਿਹੇ ਸਾਮਾਨ ਨੂੰ ਜਲਾਉਣ ਨਾਲ ਹਵਾ ਵਿੱਚ ਜ਼ਹਿਰੀਲੇ ਕਣ ਅਤੇ ਗੈਸਾਂ ਫੈਲਦੀਆਂ ਹਨ ਅਤੇ ਜੇ ‘ਵਰਤੋ ਅਤੇ ਸੁੱਟੋ’ ਵਾਲੀ ਨੀਤੀ ਅਪਣਾਈ ਜਾਵੇ ਤਾਂ ਇਹ ਗਲਦੇ ਨਹੀਂ , ਜਿਸ ਕਾਰਨ ਸਾਡਾ ਚੌਗਿਰਦਾ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਰਿਹਾ ਹੈ।