ਦੀਪਕ ਠਾਕੁਰ
ਤਲਵਾੜਾ, 10 ਅਕਤੂਬਰ
ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ, ਮੁਕੇਰੀਆਂ ਵੱਲੋਂ ਕਰਜ਼ਦਾਰਾਂ ਤੋਂ ਵਸੂਲੀ ਲਈ ਜ਼ਮੀਨ ਕੁਰਕ ਕਰਨ ਦੇ ਕੱਢੇ ਨੋਟਿਸ ਕੰਢੀ ਖ਼ੇਤਰ ’ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਲੋਕ ਸਦਮੇ ’ਚ ਹਨ। ਕਰਜ਼ਾ ਰਾਹਤ ਪ੍ਰਾਪਤ ਵੇਰਵਿਆਂ ਅਨੁਸਾਰ ਇਹ ਨੋਟਿਸ ਆਨ ਫੰਡ ਸਭਾਵਾਂ ਵੱਲੋਂ ਆਪਣੇ ਕਰਜ਼ਦਾਰਾਂ ਨੂੰ ਕੱਢੇ ਗਏ ਹਨ। ਕੰਢੀ ਬਲਾਕ ਤਲਵਾੜਾ ’ਚ ਅੱਠ ਦੇ ਕਰੀਬ ਆਨ ਫੰਡ ਸਹਿਕਾਰੀ ਸਭਾਵਾਂ ਵੱਖ ਵੱਖ ਪਿੰਡਾਂ ’ਚ ਕਾਰਜ਼ਸ਼ੀਲ ਹਨ। ਪਿਛਲੀ ਕਾਂਗਰਸ ਸਰਕਾਰ ਨੇ ਆਪਣਾ ਚੋਣ ਵਾਅਦਾ ਪੂਰਾ ਕਰਦਿਆਂ ਆਪਣੇ ਕਾਰਜ਼ਕਾਲ ਦੇ ਅੰਤਿਮ ਮਹੀਨਿਆਂ ’ਚ ਸਹਿਕਾਰੀ ਸੁਸਾਇਟੀਆਂ ਦੇ ਕਰਜ਼ਿਆਂ ’ਤੇ ਲੀਕ ਫੇਰ ਦਿੱਤੀ ਸੀ, ਪਰ ਆਨ ਫੰਡ ਸੁਸਾਇਟੀਆਂ ਨੂੰ ਇਸ ਫੈਸਲੇ ’ਚੋਂ ਬਾਹਰ ਰੱਖ ਲਿਆ। ਸਰਕਾਰ ਦੇ ਇਸ ਫੈਸਲੇ ਨੇ ਗਰੀਬ ਕਿਸਾਨਾਂ ਤੇ ਮਜ਼ੂਦਰਾਂ ਦੀਆਂ ਆਸਾਂ ’ਤੇ ਪਾਣੀ ਫ਼ੇਰ ਦਿੱਤਾ। ਹੁਣ ਸਹਿਕਾਰੀ ਰਜਿਸਟਰਾਰ ਸਹਿਕਾਰੀ ਸਭਾਵਾਂ ਮੁਕੇਰੀਆਂ ਨੇ ਆਨ ਫੰਡ ਸੁਸਾਇਟੀਆਂ ਵੱਲੋਂ ਕਰਜ਼ਦਾਰਾਂ ਨੂੰ ਸੂਦ ਸਣੇ ਕਰਜ਼ਾ ਵਾਪਸ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਕਰਜ਼ਾ ਨਾ ਮੋੜਨ ਦੀ ਸੂਰਤ ’ਚ ਜ਼ਮੀਨ ਕੁਰਕ ਕਰਨ ਦੇ ਨੋਟਿਸ ਜਾਰੀ ਕੀਤੇ ਗਏ ਹਨ। ਪਿੰਡ ਭੋਲ ਬਦਮਾਣੀਆਂ ’ਚ ਤਿੰਨ ਤੇ ਧਰਮਪੁਰ ਵਿੱਚ ਇੱਕ ਜ਼ਮੀਨ ਕੁਰਕੀ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਬਲਾਕ ਤਲਵਾੜਾ ’ਚ ਰਜਵਾਲ, ਭੰਬੋਤਾੜ, ਪੱਲੀ, ਭਟੇੜ, ਭੋਲ ਪਲਾਹੜ, ਅਮਰੋਹ, ਧਰਮਪੁਰ ਤੇ ਕਰਟੋਲੀ ਆਦਿ ਪਿੰਡਾਂ ’ਚ ਆਨ ਫੰਡ ਸੁਸਾਇਟੀਆਂ ਕਾਰਜ਼ਸ਼ੀਲ ਹਨ। ਹਰ ਸੁਸਾਇਟੀ ’ਚ 100 ਤੋਂ ਵੱਧ ਕਰਜ਼ਦਾਰ ਹਨ। ਇਹ ਸੁਸਾਇਟੀਆਂ ਵੀ ਦੂਜੀਆਂ ਸੁਸਾਇਅੀਆਂ ਵਾਂਗ ਸੈਂਟਰਲ ਕੋਆਪ੍ਰੇਟਿਵ ਬੈਂਕ ਤੋਂ ਪੈਸਾ ਲੈ ਕੇ ਆਪਣੇ ਮੈਂਬਰਾਂ ਦੀ ਲੋੜ ਅਨੁਸਾਰ ਕਰਜ਼ਾ ਵੰਡਦੀਆਂ ਹਨ। ਪਿਛਲੀ ਕਾਂਗਰਸ ਸਰਕਾਰ ਨੇ ਆਨ ਫੰਡ ਸੁਸਾਇਟੀਆਂ ਨੂੰ ਛੱਡ ਕੇ ਬਾਕੀ ਸੁਸਾਇਟੀਆਂ ਦੇ ਕਰਜ਼ੇ ਮੁਆਫ਼ ਕਰ ਦਿੱਤੇ ਸਨ। ਜਦੋਂਕਿ ਆਨ ਫੰਡ ਸੁਸਾਇਟੀਆਂ ਦੇ ਸੱਤ ਕਰੋੜ ਦੇ ਕਰੀਬ ਕਰਜ਼ੇ ਮੁਆਫ਼ ਨਹੀਂ ਕੀਤੇ। ਸੁਸਾਇਟੀਆਂ ਭਾਰੀ ਵਿੱਤੀ ਬੋਝ ਹੇਠਾਂ ਆ ਗਈਆਂ ਹਨ। ਉਧਰ, ਕਰਜ਼ਾ ਮੁਆਫ਼ ਹੋਣ ਦੀ ਆਸ ਲਗਾਈ ਬੈਠੇ ਕਰਜ਼ਦਾਰ ਜ਼ਮੀਨ ਕੁਰਕੀ ਦੇ ਨੋਟਿਸਾਂ ਤੋਂ ਡੂੰਘੇ ਸਦਮੇਂ ’ਚ ਹਨ। ਕਰਜ਼ੇ ਮੁਆਫ਼ ਕਰਵਾਉਣ ਲਈ ਬੀਤੇ ਦਿਨੀਂ ਕਰਜ਼ਾ ਪੀੜਤਾਂ ਨੇ ਤਲਵਾੜਾ ’ਚ ਮੀਟਿੰਗ ਕੀਤੀ। ਜਿਸ ਵਿੱਚ ਵੱਖ ਵੱਖ ਆਨ ਫੰਡ ਸੁਸਾਇਟੀਆਂ ਦੇ ਕਰਜ਼ਦਾਰ ਸ਼ਾਮਲ ਸਨ। ‘ਆਪ’ ਸਰਕਾਰ ਤੋਂ ਆਨ ਫੰਡ ਸੁਸਾਇਟੀਆਂ ਦੇ ਕਰਜ਼ੇ ਮੁਆਫ਼ ਕਰਨ ਦੀ ਮੰਗ ਕੀਤੀ ਗਈ। ਸਹਾਇਕ ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀ ਮੁਕੇਰੀਆਂ ਮਨੀਸ਼ਾ ਠਾਕੁਰ ਨੇ ਕਿਹਾ ਕਿ ਉਹ ਲੰਘੀ ਚਾਰ ਤਾਰੀਕ ਨੂੰ ਹੀ ਸੇਵਾ ’ਚ ਆਏ ਹਨ। ਅਜੇ ਤੱਕ ਉਹ ਮਹਿਕਮੇ ਨੂੰ ਦੇਖ ਸੁਣ ਰਹੇ ਹਨ। ਜਦੋਂਕਿ ਡਿਪਟੀ ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀ ਜ਼ਿਲ੍ਹਾ ਹੁਸ਼ਿਆਰਪੁਰ ਦਵਿੰਦਰ ਸਿੰਘ ਦਾ ਫੋਨ ਬੰਦ ਸੀ।