ਜਗਜੀਤ ਸਿੰਘ
ਮੁਕੇਰੀਆਂ, 8 ਅਕਤੂਬਰ
ਗੜ੍ਹਦੀਵਾਲਾ ਨੇੜਲੇ ਪਿੰਡ ਰੂਪੋਵਾਲ ਦੇ ਸਾਊਦੀ ਅਰਬ ਵਿੱਚ ਰੋਜ਼ੀ-ਰੋਟੀ ਦੀ ਭਾਲ ਵਿੱਚ ਗਏ ਨੌਜਵਾਨ ਹਰਜੋਤ ਸਿੰਘ (32) ਦੀ ਫੋਨ ਰਾਹੀਂ ਪਿਛਲੇ ਦਿਨੀਂ ਮੌਤ ਦੀ ਖ਼ਬਰ ਮਾਪਿਆਂ ਲਈ ਬੁਝਾਰਤ ਬਣੀ ਹੋਈ ਹੈ। ਹਰਜੋਤ ਸਿੰਘ ਦਾ ਪਰਿਵਾਰ ਉਸ ਦੀ ਮੌਤ ਹੋ ਜਾਣ ਬਾਰੇ ਫੋਨ ਆਉਣ ਤੋਂ ਬਾਅਦ ਗਹਿਰੇ ਸਦਮੇ ਵਿੱਚ ਹੈ।
ਹਰਜੋਤ ਸਿੰਘ ਦੇ ਪਿਤਾ ਇੰਦਰਜੀਤ ਅਤੇ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਹਰਜੋਤ ਸਿੰਘ 12 ਜਨਵਰੀ 2022 ਨੂੰ ਰੁਜ਼ਗਾਰ ਦੀ ਭਾਲ ਵਿੱਚ ਸਾਊਦੀ ਅਰਬ ਗਿਆ ਸੀ। ਉਹ ਉੱਥੇ ਇੱਕ ਸਾਊਦੀ ਕੰਪਨੀ ਵਿੱਚ ਟਰਾਲਾ ਚਲਾਉਦਾ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਸਾਊਦੀ ਅਰਬ ਗਏ ਇੱਕ ਸ਼ਖ਼ਸ ਦਾ ਬੀਤੀ 30 ਸਤੰਬਰ ਨੂੰ ਫੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਦੀ ਟਰਾਲੇ ਨੂੰ ਅੱਗ ਲੱਗਣ ਨਾਲ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਹਰਜੋਤ ਸਿੰਘ ਦੋ ਕੋਈ ਜਿਸਮਾਨੀ ਅੰਗ ਤੱਕ ਨਹੀਂ ਬਚਿਆ। ਪਰਿਵਾਰ ਵਿੱਚ ਪਿੱਛੇ ਹਰਜੋਤ ਸਿੰਘ ਦੀ ਪਤਨੀ ਪ੍ਰਿਅੰਕਾ, ਦੋ ਬੇਟੀਆਂ ਅਤੇ ਇਕ ਬੇਟਾ ਹੈ।
ਮਾਪਿਆਂ ਨੇ ਕਿਹਾ ਕਿ ਹਰਜੋਤ ਸਿੰਘ ਦੀ ਮ੍ਰਿਤਕ ਦੇਹ ਨਾ ਮਿਲਣ ਅਤੇ ਅੱਗ ਦੀ ਲਪੇਟ ਵਿੱਚ ਆਏ ਟਰਾਲੇ ਦੀਆਂ ਤਸਵੀਰਾਂ ਵਿੱਚ ਤਾਲਮੇਲ ਨਾ ਬੈਠਣਾ ਅਤੇ ਇਸ ਘਟਨਾ ਦੀਆਂ ਤਸਵੀਰਾਂ ਵਿੱਚ ਮੌਤ ਦਾ ਕੋਈ ਸੁਰਾਗ ਨਾ ਮਿਲਣ ਕਾਰਨ ਇਹ ਘਟਨਾ ਉਨ੍ਹਾਂ ਲਈ ਅਣਸੁਲਝੀ ਪਹੇਲੀ ਬਣੀ ਹੋਈ ਹੈ। ਹਰਜੋਤ ਦੇ ਪਿਤਾ ਨੇ ਕਿਹਾ ਕਿ ਇਸ ਸਬੰਧੀ ਕੰਪਨੀ ਵੱਲੋਂ ਵੀ ਉਨ੍ਹਾਂ ਨੂੰ ਕੋਈ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਇਸ ਕਾਰਨ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਪੁੱਤਰ ਬਾਰੇ ਗਲਤ ਸੂਚਨਾ ਦਿੱਤੀ ਗਈ ਹੋ ਸਕਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਦਾ ਪੁੱਤਰ ਜਿਉਂਦਾ ਹੋ ਸਕਦਾ ਹੈ ਕਿਉਂਕਿ ਘਟਨਾ ਦੇ ਤੱਥਾਂ ਅਤੇ ਮੌਤ ਦੇ ਕਾਰਨਾਂ ਵਿੱਚ ਆਪਸੀ ਤਾਲਮੇਲ ਬੈਠਦਾ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਊਦੀ ਅਰਬ ਦੀ ਸਰਕਾਰ ਨਾਲ ਗੱਲਬਾਤ ਕਰਕੇ ਇਸ ਘਟਨਾ ਦੀ ਜਾਂਚ ਕਰਵਾਈ ਜਾਵੇ।
ਮਾਮਲਾ ‘ਆਪ’ ਆਗੂ ਦੇ ਧਿਆਨ ’ਚ ਲਿਆਂਦਾ
ਪਰਿਵਾਰ ਵੱਲੋਂ ਇਹ ਮਾਮਲਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਕੋਲ ਉਠਾਇਆ ਗਿਆ ਹੈ। ਚੌਧਰੀ ਰਾਜਾ ਨੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਰਾਹੀਂ ਪੰਜਾਬ ਸਰਕਾਰ ਕੋਲ ਇਹ ਮੁੱਦਾ ਉਠਾਉਣ ਦਾ ਭਰੋਸਾ ਦਿੱਤਾ ਹੈ। ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਸੱਚਾਈ ਜਾਣਨ ਵਾਸਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਵੇਗੀ।