ਜਸਬੀਰ ਸਿੰਘ ਚਾਨਾ
ਫਗਵਾੜਾ, 20 ਦਸੰਬਰ
ਨਗਰ ਨਿਗਮ ਦੀਆਂ ਫ਼ਰਵਰੀ ਮਹੀਨੇ ’ਚ ਹੋ ਰਹੀਆਂ ਸੰਭਾਵੀ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਅਕਾਲੀ-ਭਾਜਪਾ ਦੀ ਪਹਿਲੀ ਸਰਕਾਰ ਦੀ ਤਰਜ਼ ’ਤੇ ਚੱਲਦਿਆਂ ਨਵੀਂ ਵਾਰਡਬੰਦੀ ਕਰ ਦਿੱਤੀ ਹੈ ਜਿਵੇਂ ਅਕਾਲੀ-ਭਾਜਪਾ ਨੇ ਨਿਗਮ ’ਤੇ ਕਬਜ਼ਾ ਕਰਨ ਲਈ ਆਪਣੀ ਇੱਛਾ ਅਨੁਸਾਰ ਵਾਰਡਬੰਦੀ ਕੀਤੀ ਸੀ। ਇਸੇ ਤਰ੍ਹਾਂ ਹੁਣ ਕਾਂਗਰਸ ਸਰਕਾਰ ਨੇ ਵੀ ਅਜਿਹਾ ਕਰਕੇ ਆਪਣੀ ਨਿਗਮ ਬਣਾਉਣ ਦਾ ਸੁਪਨਾ ਦੇਖਣਾ ਸ਼ੁਰੂ ਕਰ ਦਿੱਤਾ ਹੈ ਜਿਸ ਤਹਿਤ ਹੁਣ ਅਕਾਲੀ ਦਲ ਦੇ ਵਾਰਡਾਂ ’ਚ ਕਾਫ਼ੀ ਤੋੜ ਮਰੋੜ ਕਰ ਦਿੱਤੀ ਗਈ ਹੈ
ਜਿਸ ਕਾਰਨ ਹੁਣ ਅਕਾਲੀ ਦਲ ਨੂੰ ਨਵੇਂ ਉਮੀਦਵਾਰਾਂ ਦੀ ਭਾਲ ਕਰਨੀ ਔਖੀ ਹੋ ਗਈ ਹੈ। ਕਈ ਵਾਰਡਾਂ ਦੀਆਂ ਕੈਟਾਗਰੀਆਂ ਤਬਦੀਲ ਕਰ ਦਿੱਤੀਆਂ ਹਨ ਜਿਸ ਕਾਰਨ ਕਈ ਮਰਦ ਕੌਂਸਲਰਾ ਨੂੰ ਆਪਣੀਆਂ ਪਤਨੀਆਂ ਨੂੰ ਇਸ ਕਾਬਲ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਵਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਜਿਸ ’ਚ ਫ਼ਿਲੌਰ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ, ਜਰਨੈਲ ਸਿੰਘ ਵਾਹਦ ਤੇ ਜਥੇਦਾਰ ਸਰਵਣ ਸਿੰਘ ਖੁਲਾਰ ਨੂੰ ਸ਼ਾਮਲ ਕੀਤਾ ਗਿਆ ਹੈ, ਦੀ ਅਜੇ ਤੱਕ ਗੰਭੀਰਤਾ ਨਾਲ ਕੋਈ ਮੀਟਿੰਗ ਨਹੀਂ ਹੋਈ ਪਰ ਅਕਾਲੀ ਦਲ ਦੇ ਸੂਤਰਾਂ ਅਨੁਸਾਰ 50 ’ਚੋਂ 15 ਵਾਰਡਾਂ ’ਤੇ ਉਮੀਦਵਾਰਾਂ ਦੀ ਪਛਾਣ ਕੀਤੀ ਗਈ ਹੈ। ਅਕਾਲੀ ਦਲ ਕੋਲ ਪਿਛਲੀ ਨਿਗਮ ’ਚ 11 ਸੀਟਾਂ ਸਨ ਜਿਸ ’ਚੋਂ ਬਹੁਤੀਆਂ ਸੀਟਾਂ ਨੂੰ ਔਰਤਾਂ ਲਈ ਰਿਜ਼ਰਵ ਕਰ ਦਿੱਤਾ ਗਿਆ ਹੈ।